ਗੜ੍ਹਸ਼ੰਕਰ: ਵਿਦੇਸ਼ ਦੀ ਧਰਤੀ 'ਤੇ ਚੰਗਾ ਭਵਿੱਖ ਬਣਾਉਣ ਦੀ ਤਲਾਸ਼ ਵਿੱਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਉੱਥੇ ਹੀ ਕੁੱਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ। ਅਜਿਹੀ ਇੱਕ ਹੋਰ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿਥੇ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਵਸਨੀਕ ਅਤੇ ਇਸ ਵੇਲੇ ਨਿਊਜੀਲੈਂਡ ਵਿੱਚ ਵਿਦਿਆਰਥੀ ਵੀਜੇ 'ਤੇ ਰਹਿ ਰਹੇ ਨੌਜਵਾਨ ਦੀ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਗਈ ਜਿਸ ਨਾਲ ਪਿੰਡ ਵਿੱਚ ਮਾਤਮ ਫੈਲ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜਿਸ ਨੇ ਕੁਝ ਸਮੇਂ ਬਾਅਦ ਹੀ ਨਿਊਜ਼ੀਲੈਂਡ ਤੋਂ ਪਿੰਡ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਇਹ ਭਾਣਾ ਵਾਪਰ ਗਿਆ।
ਗੜ੍ਹਸ਼ੰਕਰ ਦੇ ਨੌਜਵਾਨ ਦੀ ਨਿਊਜੀਲੈਂਡ ਵਿੱਚ ਹੋਈ ਮੌਤ, ਪਿੰਡ 'ਚ ਪਸਰਿਆ ਸੋਗ - Punjabi youth died in New Zealand - PUNJABI YOUTH DIED IN NEW ZEALAND
ਨਿਊਜ਼ੀਲੈਂਡ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਸਟੱਡੀ ਵੀਜ਼ੇ 'ਤੇ ਗਏ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਮਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਨੌਜਵਾਨ ਦੇ ਪੌੜੀਆਂ ਤੋਂ ਡਿੱਗਣ ਕਾਰਨ ਸਿਰ 'ਚ ਸੱਟ ਲੱਗ ਗਈ ਸੀ, ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
Published : Apr 7, 2024, 1:37 PM IST
ਸਟੱਡੀ ਵੀਜ਼ੇ 'ਤੇ ਨਿਊਜੀਲੈਂਡ ਗਿਆ ਸੀ ਮ੍ਰਿਤਕ: ਇਸ ਸਬੰਧੀ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਸਾਲ 2013 ਵਿੱਚ ਵਿਦਿਆਰਥੀ ਵੀਜ਼ੇ 'ਤੇ ਨਿਊਜੀਲੈਂਡ ਗਿਆ ਸੀ, ਜਿੱਥੇ ਉਸ ਨੇ ਪੜਾਈ ਦੇ ਨਾਲ-ਨਾਲ ਸਖ਼ਤ ਮਿਹਨਤ ਕਰਕੇ ਦਸ ਸਾਲ ਬਾਅਦ ਨਿਊਜੀਲੈਂਡ ਦੇ ਪੱਕੇ ਨਾਗਰਿਕ ਹੋਣ ਦੇ ਦਸਤਾਵੇਜ ਹਾਸਿਲ ਕੀਤੇ ਸਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਨਿਊਜ਼ੀਲੈਂਡ ਵਿੱਖੇ ਘਰ ਵਿਚ ਤਿਲਕਣ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਜਿਸ ਕਰਕੇ ਉਸਨੂੰ ਨਿਊਜੀਲੈਂਡ ਦੇ ਸ਼ਹਿਰ ਵੇਲਿੰਗਟਨ ਦੇ ਰਿਜਨਲ ਹਸਪਤਾਲ ਦਾਖ਼ਿਲ ਕਰਵਾਇਆ ਗਿਆ ਸੀ।
ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਰਕਾਰਾਂ ਤੋਂ ਅਪੀਲ: ਪਰਿਵਾਰਕ ਮੈਂਬਰਾਂ ਅਨੁਸਾਰ ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਸੱਟ ਲੱਗਣ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਕਲੌਟ ਬਣ ਗਿਆ ਸੀ ਅਤੇ ਇਸ ਬੀਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ 4 ਅਪ੍ਰੈਲ ਨੂੰ ਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਇਲਾਜ ਦੌਰਾਨ ਹੋਈ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਿਆ ਹੈ। ਉਨਾਂ ਮਨਦੀਪ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਪੀੜਤ ਪਰਿਵਾਰ ਦੀ ਮਦਦ ਕਰਨ ਤਾਂ ਜੋ ਉਹ ਆਪਣੇ ਮ੍ਰਿਤਕ ਪੁੱਤ ਦੀਆਂ ਅੰਤਿਮ ਰਸਮਾਂ ਹੱਥੀ ਕਰ ਸਕਣ।