ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਵੱਲੋਂ ਅੱਜ ਪੰਚਾਇਤ ਚੋਣਾਂ ਲਈ ਮਤਦਾਨ ਤੋਂ ਪਹਿਲਾਂ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜਨਾਂ ਵਿੱਚ ਫਲੈਗ ਮਾਰਚ ਆਯੋਜਿਤ ਕੀਤੇ ਗਏ ਹਨ। ਸਬ ਡਵੀਜ਼ਨ ਫਾਜ਼ਿਲਕਾ ਵਿੱਚ ਫਲੈਗ ਮਾਰਚ ਦੀ ਅਗਵਾਈ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਅਤੇ ਜ਼ਿਲਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਕੀਤੀ। ਇਸ ਮਾਰਚ ਵਿੱਚ ਫਾਜ਼ਿਲਕਾ ਪੁਲਿਸ ਦੇ ਹੋਰ ਕਈ ਅਫਸਰਾਂ ਅਤੇ ਵੱਡੇ ਪੁਲਿਸ ਦਸਤਿਆਂ ਨੇ ਹਿੱਸਾ ਲਿਆ। ਦੱਸ ਦਈਏ ਕਿ ਭਲਕੇ ਯਾਨੀ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਵੇਗੀ।
ਸ਼ਰਾਰਤੀ ਅਨਸਰਾਂ 'ਤੇ ਕੜੀ ਨਿਗਰਾਨੀ
ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਪ੍ਰੀਤ ਕੌਰ ਸੰਧੂ ਨੇ ਅੱਜ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪੰਚਾਇਤ ਚੋਣਾਂ ਦਾ ਮਤਦਾਨ 15 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਅਤੇ ਚੋਣਾਂ ਨੂੰ ਅਮਨ, ਅਮਾਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਸਾਰੇ ਸ਼ਰਾਰਤੀ ਅਨਸਰਾਂ 'ਤੇ ਕੜੀ ਨਿਗਰਾਨੀ ਰੱਖਣ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ ਪੁਲਿਸ ਫਲੈਗ ਮਾਰਚ ਕੀਤੇ ਜਾ ਰਹੇ ਹਨ ਤਾਂਕਿ ਲੋਕਾਂ ਵਿੱਚ ਵਿਸ਼ਵਾਸ ਪੈਦਾ ਹੋਵੇ ਅਤੇ ਉਹ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਕਰ ਸਕਣ। ਉਨ੍ਹਾਂ ਅਪੀਲ ਕੀਤੀ ਕਿ ਜਨਤਾ ਨੂੰ ਚੋਣਾਂ ਦੌਰਾਨ ਆਪਣੇ ਹੱਕਾਂ ਦੀ ਵਰਤੋਂ ਨਿਰਭੈਅ ਹੋ ਕੇ ਕਰਨੀ ਚਾਹੀਦੀ ਹੈ।