ਅੰਮ੍ਰਿਤਸਰ:ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆ ਨੇ.. ਇਹ ਕਹਾਵਤ ਅਸੀਂ ਸਾਰਿਆ ਨੇ ਸੁਣੀ ਹੈ, ਪਰ ਹੁਣ ਇਸ ਦੇ ਉਲਟ ਅੰਮ੍ਰਿਤਸਰ ਦੇ ਇੱਕ ਬਜ਼ੁਰਗ ਬਾਪ ਨੇ ਆਪਣੀ ਧੀ 'ਤੇ ਹੀ ਧੋਖੇ ਨਾਲ ਜ਼ਮੀਨ ਹੜੱਪਣ ਦੇ ਆਰੋਪ ਲਗਾਏ ਹਨ। ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਦਾ ਸਾਮਣੇ ਆਇਆ ਹੈ, ਜਿੱਥੇ ਇੱਕ ਸਤਨਾਮ ਸਿੰਘ ਨਾਮ ਦੇ ਬਜ਼ੁਰਗ ਨੇ ਇਲਜ਼ਾਮ ਲਾਏ ਹਨ ਕਿ ਉਸ ਨੇ ਆਪਣੀ ਧੀ ਨੂੰ ਪੜ੍ਆ ਲਿਖਾ ਕੇ ਸੋਚਿਆ ਸੀ ਕਿ ਬੁਢਾਪੇ ਵਿੱਚ ਉਸਦਾ ਸਹਾਰਾ ਬਣੇਗੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਧੀ ਹੀ ਉਸ ਨਾਲ ਧੋਖਾ ਕਰੇਗੀ ਅਤੇ ਜਾਇਦਾਦ ਹੜਪ ਲਵੇਗੀ।
ਪੀੜ੍ਹਤ ਨੇ ਕਿਹਾ ਕਿ ਉਸਦੀ ਪਿੰਡ ਵਿੱਚ 6 ਮਰਲੇ ਦੀ ਜਗ੍ਹਾ ਹੈ। ਜਿਸ 'ਤੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ। ਬਜ਼ੁਰਗ ਨੇ ਦੱਸਿਆ ਕਿ ਉਹ ਖੁਦ ਪੜ੍ਹਿਆ ਲਿਖਿਆ ਨਹੀਂ ਹੈ। ਇਸਦਾ ਫਾਇਦਾ ਚੁੱਕ ਕੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ ਅਤੇ ਹੁਣ ਉਸਦੀ ਧੀ ਇਲਜ਼ਾਮ ਲਗਾ ਰਹੀ ਹੈ ਕਿ ਉਸਨੇ 15 ਲੱਖ ਵਿੱਚ ਇਹ ਜਗ੍ਹਾ ਖਰੀਦੀ ਹੈ। ਜਦੋਂ ਕਿ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਅਤੇ ਨਾ ਹੀ ਕੋਈ ਗਵਾਹ ਹੈ ਜਿਸਦੇ ਸਾਮਣੇ ਪੈਸੇ ਦਿੱਤੇ ਹੋਣ।