ਚੰਡੀਗੜ੍ਹ:ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਲਈ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਬੀਤੇ ਦਿਨ, ਯਾਨੀ ਕਿ ਵੀਰਵਾਰ ਨੂੰ ਉਹ ਬੇਹੋਸ਼ ਵੀ ਹੋ ਗਏ ਸਨ। ਉਥੇ ਹੀ ਉਹਨਾਂ ਨੂੰ ਲੈਕੇ ਕਿਸਾਨ ਆਗੂਆਂ ਵੱਲੋਂ ਨਵੀਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਰੱਲ ਕੇ ਡੱਲੇਵਾਲ ਖਿਲਾਫ ਸਾਜਿਸ਼ ਰੱਚ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਚੁੱਕਿਆ ਜਾ ਸਕਦਾ ਹੈ।
ਕਿਸਾਨਾਂ ਨੇ ਡੱਲੇਵਾਲ ਦੀ ਵਧਾਈ ਸੁਰੱਖਿਆ
ਵੀਡੀਓ ਜਾਰੀ ਕਰਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ'ਅਸੀਂ ਖਨੌਰੀ ਬਾਰਡਰ 'ਤੇ ਡੱਲੇਵਾਲ ਦੀ ਰਾਖੀ ਲਈ ਬੈਠੈ ਹਾਂ, ਉੇਨ੍ਹਾਂ ਦੇ ਮਰਨ ਵਰਤ ਦੇ 25ਵੇਂ ਦਿਨ ਵਿੱਚ ਦਾਖਿਲ ਹੁੰਦੇ ਹੀ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਡੱਲੇਵਾਲ ਨੂੰ ਚੁੱਕ ਸਕਦੀ ਹੈ। ਉਹਨਾਂ ਕਿਹਾ ਕਿ ਪਿੰਡ ਦਾਤੇਵਾਲ ਵਿੱਚ ਭਾਰੀ ਪੁਲਿਸ ਬੱਲ ਤਇਨਾਤ ਕੀਤਾ ਗਿਆ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਮੰਨਸ਼ਾ ਕੀ ਹੈ। ਬਾਰਡਰ ਦੇ ਕਰੀਬ ਤਿੰਨ ਕਿਲੋਮੀਟਰ ਦੇ ਦਾਇਰੇ 'ਚ ਕਿਸਾਨਾਂ ਨੇ ਸਰਗਰਮੀ ਵੀ ਵਧਾ ਦਿੱਤੀ ਹੈ, ਭਗਵੰਤ ਮਾਨ ਜੀ ਦੱਸਣ ਕਿ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਹਰਿਆਣਾ ਦੇ ਬਾਰਡਰ 'ਤੇ ਮੌਜੁਦ ਸਕੂਲ ਵਿੱਚ ਕਿਵੇਂ ਬੈਠੀ ਹੈ। ਪਹਿਲਾਂ 26 ਨਵੰਬਰ ਨੁੰ ਵੀ ਉਨ੍ਹਾਂ ਨੂੰ ਚੁੱਕਿਆ ਗਿਆ ਸੀ , ਜੇਕਰ ਇਸ ਵਾਰ ਕਿਸਾਨਾਂ ਨਾਲ ਪੰਜਾਬ ਸਰਕਾਰ ਨੇ ਕੋਈ ਮਾੜੀ ਹਰਕਤ ਕੀਤੀ ਤਾਂ ਪਤਾ ਨਹੀਂ ਕਿਨੇਂ ਲੋਕਾਂ ਦਾ ਖੂਨ ਡੁੱਲੇਗਾ।"
ਕਿਸਾਨਾਂ ਨੂੰ ਅਪੀਲ
ਇਸ ਮੌਕੇ ਕਿਸਾਨ ਆਗੂ ਸਿਰਸਾ ਨੇ ਪੰਜਾਬ ਦੇ ਸਮੂਹ ਕਿਸਾਨਾਂ ਨੁੰ ਅਪੀਲ ਕੀਤੀ ਹੈ ਕਿ ਵੱਡੀ ਮਾਤਰਾ 'ਚ ਉਹ ਖਨੌਰੀ ਬਾਰਡਰ 'ਤੇ ਪਹੁੰਚਣ ਅਤੇ ਉਹਨਾਂ ਦਾ ਸਾਥ ਦੇਣ। ਇਸ ਮੌਕੇ ਕਿਸਾਨਾਂ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ ਕਿ ਪਿੰਡਾਂ ਵਾਲਿਆ ਨੂੰ ਅਪੀਲ ਕਰਦੇ ਹਨ ਕਿ ਆਪੋ ਆਪਣੀਆਂ ਟ੍ਰਾਲੀਆਂ ਅਤੇ ਬਿਸਤਰੇ ਲੈਕੇ ਬਾਰਡਰ 'ਤੇ ਪਹੂੰਚੋ ਤਾਂ ਜੋ ਸਰਕਾਰ ਦੀਆਂ ਨੀਤੀਆਂ ਨੂੰ ਫੇਲ੍ਹ ਕੀਤਾ ਜਾ ਸਕੇ।