ਪੰਜਾਬ

punjab

ETV Bharat / state

ਪੰਜਾਬ ਅਤੇ ਹਰਿਆਣਾ ਵਿੱਚ ED ਦੇ ਛਾਪੇ, NHPC ਦੇ CGM ਦੀਆਂ ਜਾਇਦਾਦਾਂ ਜ਼ਬਤ - PMLA CASE UPDATE

ਪੰਜਾਬ-ਹਰਿਆਣਾ 'ਚ ਈਡੀ ਨੇ ਕਾਰਵਾਈ ਕਰਦੇ ਹੋਏ ਐਨਐਚਪੀਸੀ ਦੇ ਸਾਬਕਾ ਸੀਜੀਐਮ ਹਰਜੀਤ ਪੁਰੀ ਤੇ ਉਸ ਦੀ ਪਤਨੀ ਦੀ 47 ਲੱਖ ਦੀ ਜਾਇਦਾਦ ਜ਼ਬਤ ਕੀਤੀ।

ED takes action in Punjab-Haryana
ਪੰਜਾਬ ਅਤੇ ਹਰਿਆਣਾ ਵਿੱਚ ED ਦੇ ਛਾਪੇ (Etv Bharat)

By ETV Bharat Punjabi Team

Published : Jan 4, 2025, 12:36 PM IST

ਚੰਡੀਗੜ੍ਹ: ਪੰਜਾਬ-ਹਰਿਆਣਾ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐਨਐਚਪੀਸੀ) ਦੇ ਸਾਬਕਾ ਚੀਫ਼ ਜਨਰਲ ਮੈਨੇਜਰ (ਸੀਜੀਐਮ) ਹਰਜੀਤ ਸਿੰਘ ਪੁਰੀ ਅਤੇ ਉਨ੍ਹਾਂ ਦੀ ਪਤਨੀ ਅਰਵਿੰਦਰਜੀਤ ਕੌਰ ਦੀ 47 ਲੱਖ ਰੁਪਏ ਦੀ ਜਾਇਦਾਦ ਅਸਥਾਈ ਤੌਰ 'ਤੇ ਜ਼ਬਤ ਕਰ ਲਈ ਹੈ। ਹਰਿਆਣਾ ਦੇ ਫਰੀਦਾਬਾਦ ਅਤੇ ਪੰਜਾਬ ਦੇ ਲੁਧਿਆਣਾ ਵਿੱਚ ਜ਼ਬਤ ਕੀਤੀਆਂ ਜਾਇਦਾਦਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨਾਲ ਸਬੰਧਤ ਹਨ। ਕੇਂਦਰੀ ਏਜੰਸੀ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਸੀਬੀਆਈ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਅਤੇ ਹਰਿਆਣਾ ਵਿੱਚ ED ਦੇ ਛਾਪੇ ਸਬੰਧੀ ਈਡੀ ਵਲੋਂ ਟਵੀਟ (@ ED From X)

CGM (ਵਿੱਤ) ਹੋਣ ਦੇ ਦੌਰਾਨ ਕਮਾਏ ਪੈਸੇ

ਜਾਂਚ ਤੋਂ ਪਤਾ ਲੱਗਾ ਹੈ ਕਿ ਪੁਰੀ ਨੇ NHPC ਵਿੱਚ CGM (ਵਿੱਤ) ਦੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਿੱਚ ਸ਼ਾਮਲ ਹੋਣ ਲਈ ਕਥਿਤ ਤੌਰ 'ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਅਤੇ ਆਮਦਨੀ ਦੇ ਆਪਣੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਈਡੀ ਅਧਿਕਾਰੀ ਨੇ ਕਿਹਾ ਕਿ ਹਰਜੀਤ ਸਿੰਘ ਪੁਰੀ ਅਤੇ ਉਨ੍ਹਾਂ ਦੀ ਪਤਨੀ ਦੀਆਂ ਫਰੀਦਾਬਾਦ ਅਤੇ ਲੁਧਿਆਣਾ ਜ਼ਿਲ੍ਹਿਆ ਵਿੱਚ ਸਥਿਤ 47 ਲੱਖ ਰੁਪਏ (ਲਗਭਗ) ਮੁੱਲ ਦੀਆਂ ਕੁੱਲ ਚਾਰ ਅਚੱਲ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਪ੍ਰਬੰਧਾਂ ਦੇ ਤਹਿਤ ਅਸਥਾਈ ਤੌਰ 'ਤੇ ਕੁਰਕ ਕੀਤਾ ਗਿਆ ਹੈ।

ਆਮਦਨ ਨਾਲੋਂ 1.04 ਕਰੋੜ ਰੁਪਏ ਵੱਧ ਕਮਾਏ

ਈਡੀ ਦੀ ਜਾਂਚ ਦਾ ਅਨੁਮਾਨ ਹੈ ਕਿ ਪੁਰੀ ਦੀ ਮਾਲਕੀ ਵਾਲੀ ਆਮਦਨ ਤੋਂ ਵੱਧ ਜਾਇਦਾਦ ਦੀ ਕੁੱਲ ਕੀਮਤ ਲਗਭਗ 1.04 ਕਰੋੜ ਰੁਪਏ ਹੈ। ਅਧਿਕਾਰੀ ਨੇ ਕਿਹਾ ਕਿ ਐਨਐਚਪੀਸੀ ਵਿੱਚ ਸੀਜੀਐਮ (ਵਿੱਤ) ਦੇ ਤੌਰ 'ਤੇ ਪੁਰੀ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਅਪਰਾਧ ਕਰਨ ਲਈ ਆਪਣੀ ਸ਼ਕਤੀ ਅਤੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਤੇ ਇਸ ਤਰ੍ਹਾਂ ਅਪਰਾਧ ਦੀ ਕਮਾਈ ਕੀਤੀ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ABOUT THE AUTHOR

...view details