ਬਰਨਾਲਾ:ਸ਼ਹਿਰ ‘ਚ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਤੋਂ ਕਬਜ਼ੇ ਛੁਡਾਏ ਜਾਣ ਨੂੰ ਲੈ ਕੇ ਅੱਜ ਵੱਡਾ ਵਿਵਾਦ ਹੋ ਗਿਆ। ਕਬਜ਼ਾਧਾਰੀ ਝੁੱਗੀਆਂ ਵਾਲੇ ਜਗ੍ਹਾ ਖਾਲੀ ਕਰਵਾਏ ਜਾਣ ਦਾ ਵਿਰੋਧ ਕਰਦਿਆਂ ਸੜਕ ਉਪਰ ਉਤਰ ਆਏ। ਸ਼ਹਿਰ ਦੇ 25 ਏਕੜ ਏਰੀਏ ਵਿੱਚ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਉਪਰ ਲੰਮੇ ਸਮੇਂ ਤੋਂ ਗਰੀਬ ਲੋਕ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਜਿੱਥੇ ਸੁਪਰੀਮ ਕੋਰਟ ਦੇ ਫ਼ੈਸਲੇ ਉਪਰੰਤ ਨਗਰ ਸੁਧਾਰ ਟਰੱਸਟ ਵਲੋਂ ਕਬਜ਼ੇ ਹਟਾਏ ਜਾ ਰਹੇ ਸਨ। ਇਸ ਲਈ ਬਾਕਾਇਦਾ ਕਬਜ਼ੇ ਛੱਡਣ ਲਈ ਅਨਾਊਂਸਮੈਂਟ ਕੀਤੀ ਗਈ ਪਰ ਝੁੱਗੀਆਂ ਵਾਲਿਆਂ ਨੇ ਇਸਦਾ ਵਿਰੋਧ ਕੀਤਾ, ਜਿਸ ਕਰਕੇ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਝੁੱਗੀਆਂ ਵਾਲਿਆਂ ਨੇ ਕਬਜ਼ਾ ਛੁਡਾਏ ਜਾਣ ਦੇ ਵਿਰੋਧ ਵਿੱਚ ਸੜਕ ਉਪਰ ਧਰਨਾ ਲਗਾ ਦਿੱਤਾ। ਈਓ ਨੇ ਕਿਹਾ ਕਿ ਟਰੱਸਟ ਦੀ ਜਗ੍ਹਾ ਉਪਰੋਂ ਕਬਜ਼ਾ ਹਰ ਹਾਲ ਛੁਡਾਇਆ ਜਾਵੇਗਾ, ਉਥੇ ਪੁਲਿਸ ਪ੍ਰਸ਼ਾਸ਼ਨ ਮਾਮਲੇ ਨੂੰ ਸ਼ਾਂਤ ਕਰਨ ਵਿੱਚ ਜੁੱਟਿਆ।
ਸੁਪਰੀਮ ਕੋਰਟ 'ਚ ਚੱਲਦਾ ਸੀ ਮਾਮਲਾ:ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਈਓ ਰਵਿੰਦਰ ਕੁਮਾਰ ਨੇ ਕਿਹਾ ਕਿ 25 ਏਕੜ ਏਰੀਏ ਵਿੱਚ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਹੈ। ਜਿਸ ਦਾ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਅਤੇ ਮਾਰਚ 2024 ਵਿੱਚ ਅਦਾਲਤ ਨੇ ਇਹ ਫ਼ੈਸਲਾ ਨਗਰ ਸੁਧਾਰ ਟਰੱਸਟ ਦੇ ਹੱਕ ਵਿੱਚ ਕਰ ਦਿੱਤਾ ਗਿਆ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲਾਂ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਇਸਦਾ ਕਬਜ਼ਾ ਨਹੀਂ ਲੈ ਸਕੇ। ਅੱਜ ਇਸ ਜਗ੍ਹਾ ਦਾ ਕਬਜ਼ਾ ਪੁਲਿਸ ਪ੍ਰਸ਼ਾਸ਼ਨ ਦੀ ਮੱਦਦ ਨਾਲ ਲਿਆ ਜਾ ਰਿਹਾ ਸੀ। ਇਸ ਜਗ੍ਹਾ ਉਪਰ ਕੁੱਝ ਝੁੱਗੀਆਂ ਵਾਲੇ ਅਤੇ ਕੁੱਝ ਲੋਕਾਂ ਨੇ ਦੁਕਾਨਾਂ ਲਗਾ ਰੱਖੀਆਂ ਹਨ। ਜਿਹਨਾਂ ਨੂੰ ਇਸ ਜਗ੍ਹਾ ਤੋਂ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਇੱਥੋਂ ਦੇ ਲੋਕਾਂ ਨੇ ਸਾਡੀ ਟੀਮ ਉਪਰ ਹਮਲਾ ਕੀਤਾ ਹੈ। ਜਿਸ ਸਬੰਧੀ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਜਗ੍ਹਾ ਤੋਂ ਨਜ਼ਾਇਜ਼ ਕਬਜ਼ਾ ਹਰ ਹਾਲ ਖ਼ਤਮ ਕੀਤਾ ਜਾਵੇਗਾ।