ਲੁਧਿਆਣਾ:ਦੇਸ਼ ਭਰ ਵਿੱਚ ਲੋਹੜੀ ਅਤੇ ਮਾਘੀ ਦੀ ਸੰਗਰਾਂਦ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਪੰਜਾਬ ਦੇ ਮਾਲਵੇ ਵਿੱਚ ਲੋਹੜੀ ਦੇ ਦੌਰਾਨ ਅਤੇ ਕੁਝ ਇਲਾਕਿਆਂ ਦੇ ਵਿੱਚ ਬਸੰਤ ਦੇ ਦੌਰਾਨ ਪਤੰਗਬਾਜ਼ੀ ਜ਼ੋਰਾ ਸ਼ੋਰਾਂ ਨਾਲ ਹੁੰਦੀ ਹੈ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਚਾਈਨੀਜ਼ ਡੋਰ ਆਉਣ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਹਲੇ ਵੀ ਚਾਈਨੀਜ਼ ਡੋਰ ਬਾਜ਼ਾਰਾਂ ਦੇ ਵਿੱਚ ਵਿਕ ਰਹੀ ਹੈ, ਪਰ ਧਾਗੇ ਦੇ ਨਾਲ ਪੱਕੀ ਡੋਰ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ ਜੋ ਕਿ ਪੁਰਾਣੇ ਕਾਰੀਗਰ ਹਾਲੇ ਵੀ ਸਾਂਭੀ ਬੈਠੇ ਹਨ। ਪਿਛਲੇ ਕਈ ਦਹਾਕਿਆਂ ਤੋਂ ਉਹ ਅਜਿਹੀ ਡੋਰ ਤਿਆਰ ਕਰ ਰਹੇ ਹਨ ਜਿਸ ਦੀ ਕਾਟ ਕੋਈ ਨਹੀਂ। ਹਾਲਾਂਕਿ ਇਹ ਕਾਰੀਗਰੀ ਉਹਨਾਂ ਦੇ ਨਾਲ ਹੀ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਉਹਨਾਂ ਦੀਆਂ ਪੀੜੀਆਂ ਇਸ ਕੰਮ ਤੋਂ ਦੂਰ ਹੈ।
ਪੁਸ਼ਤੈਨੀ ਕੰਮ
ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਅਜਿਹੇ ਹੀ ਡੋਰ ਦੀ ਦੁਕਾਨ ਹੈ। ਕੁੰਤ ਪ੍ਰਕਾਸ਼ ਜੋ ਕਿ ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਇਹ ਪੁਸ਼ਤੈਨੀ ਕੰਮ ਕਰਦੇ ਆ ਰਹੇ ਹਨ। ਉਹਨਾਂ ਦੇ ਕਾਰੀਗਰ ਹਨ, ਉਹਨਾਂ ਵਿੱਚ ਕਿਸੇ ਨੂੰ 30 ਸਾਲ ਕਿਸੇ ਨੂੰ 40 ਸਾਲ ਦਾ ਸਮਾਂ ਹੋ ਚੁੱਕਾ ਹੈ। ਜੋ ਇਹ ਡੋਰ ਸਪੈਸ਼ਲ ਤਿਆਰ ਕਰਦੇ ਹਨ, ਜੋ ਕਿ ਵਰਧਮਾਨ ਦੇ ਧਾਗੇ ਨਾਲ ਬਣਦੀ ਹੈ ਅਤੇ ਇਸ ਦੇ ਉੱਪਰ ਕੱਚ ਦੀ ਲੇਅਰ ਚੜਾਈ ਜਾਂਦੀ ਹੈ। ਅਰਾ ਰੋਟ ਅਤੇ ਕੰਚ ਨੂੰ ਮਿਕਸ ਕਰਕੇ ਮਟੀਰੀਅਲ ਤਿਆਰ ਕੀਤਾ ਜਾਂਦਾ ਹੈ ਜੋ ਇਸ ਧਾਗੇ ਉੱਤੇ ਵਾਰ-ਵਾਰ ਫੇਰਿਆ ਜਾਂਦਾ ਹੈ। ਜਿਸ ਨਾਲ ਇਸ ਦੀ ਧਾਰ ਹੋਰ ਤੇਜ਼ ਹੋ ਜਾਂਦੀ ਹੈ। ਹਾਲਾਂਕਿ ਇਹ ਮਨੁੱਖੀ ਸ਼ਰੀਰ ਅਤੇ ਪੰਛੀਆਂ ਲਈ ਨੁਕਸਾਨ ਦੇਹ ਨਹੀਂ, ਕਿਉਂਕਿ ਧਾਗਾ ਹੋਣ ਕਰਕੇ ਇਹ ਕੱਟ ਜਾਂਦਾ ਹੈ, ਪਰ ਕੱਚ ਦੀ ਲੇਅਰ ਹੋਣ ਕਰਕੇ ਇਹ ਤਿੱਖੀ ਵੀ ਹੈ। 12 ਤਾਰ ਡੋਰ ਖਾਸ ਕਰਕੇ ਚਾਈਨੀਜ਼ ਡੋਰ ਨੂੰ ਮਾਤ ਦੇਣ ਲਈ ਬਣਾਈ ਗਈ। ਹਾਲਾਂਕਿ ਆਮ ਧਾਗੇ ਦੀ ਡੋਰ ਨਾਲੋਂ ਇਸ ਦੀ ਕੀਮਤ ਕੁਝ ਵੱਧ ਜਰੂਰ ਹੈ। ਪਰ ਪਤੰਗਬਾਜ਼ ਇਸ ਦੀ ਕੀਮਤ ਚੰਗੀ ਤਰ੍ਹਾਂ ਜਾਣਦੇ ਹਨ।