ਅੰਮ੍ਰਿਤਸਰ:ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਸੀ ਪਰ ਸਿਆਸਤਦਾਨਾਂ 'ਚ ਹਾਲੇ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ਗੀ ਪਾਈ ਜਾ ਰਹੀ ਹੈ। ਇਸੇ ਨੂੰ ਲੈ ਕੇ ਐਮਐਲਏ ਕੁੰਵਰ ਵਿਜੈ ਪ੍ਰਤਾਪ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਹੀ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ। ਵਿਧਾਇਕ ਨੇ ਆਖਿਆ ਕਿ ਟਿਕਟਾਂ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਨੇ ਨਾਮ ਲਿਖ ਲੈ ਕੇ ਭੇਜੇ ਸਨ ਪਰ ਜਦੋਂ ਉਮੀਦਵਾਰਾਂ ਦੀ ਲਿਸਟ ਦੇਖੀ ਤਾਂ ਬਹੁਤ ਦੁੱਖ ਹੋਇਆ।ਉਨ੍ਹਾਂ ਲੋਕਾਂ ਨੂੰ ਟਿਕਟ ਦਿੱਤੀ ਗਈ ਜਿੰਨ੍ਹਾਂ ਨੂੰ ਕਦੇ ਪਾਰਟੀ 'ਚ ਦੇਖਿਆ ਹੀ ਨਹੀਂ ਗਿਆ।
ਬਿਨ੍ਹਾਂ ਨਾਮ ਲਏ ਨਿਸ਼ਾਨੇ ਸਾਧੇ
ਤੁਹਾਨੂੰ ਦਸ ਦਈਏ ਕਿ ਕੁੰਵਰ ਵਿਜੈ ਪ੍ਰਤਾਪ ਨੇ ਬਿਨ੍ਹਾਂ ਨਾਮ ਲੈ ਉਨ੍ਹਾਂ ਆਗੂਆਂ 'ਤੇ ਨਿਸ਼ਾਨੇ ਸਾਧੇ ਜੋ ਅਕਾਲੀ ਦਲ ਨੂੰ ਅਲ਼ਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ।ਉਨ੍ਹਾਂ ਆਖਿਆ ਕਿ ਅਜਿਹੇ ਲੋਕਾਂ ਨੂੰ ਫਸਲੀਂ ਬਟਰੇ ਆਖਿਆ ਜਾਂਦਾ ਹੈ ਜੋ ਜਿਸ ਦੀ ਸਰਕਾਰ ਹੁੰਦੀ ਹੈ ਉਸ ਵੱਲ ਹੋ ਜਾਂਦੇ ਹਨ। ਇਹ ਸਾਰੇ ਤੰਜ ਉਨ੍ਹਾਂ ਨੇ ਅਕਾਲੀ ਦਲ ਚੋਂ ਆਏ ਤਲਵੀਰ ਸਿੰਘ ਗਿੱਲ 'ਤੇ ਕੱਸੇ ਹਨ।