ਨਵੀਂ ਦਿੱਲੀ:ਭਾਰਤੀ ਟੀਮ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਆਇਰਲੈਂਡ ਖਿਲਾਫ ਕਰੇਗੀ। ਇਸ ਤੋਂ ਪਹਿਲਾਂ ਆਈਸੀਸੀ ਨੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵਨਡੇ ਪਲੇਅਰ ਆਫ ਦਿ ਈਅਰ ਦਾ ਐਵਾਰਡ ਦਿੱਤਾ ਹੈ। ਇਸ ਦੇ ਨਾਲ ਹੀ ਕੋਹਲੀ ਨੂੰ ਆਈਸੀਸੀ ਵਨਡੇ ਟੀਮ ਆਫ ਦਿ ਈਅਰ 2023 ਲਈ ਵੀ ਚੁਣਿਆ ਗਿਆ ਹੈ। ਆਈਸੀਸੀ ਨੇ ਐਤਵਾਰ ਨੂੰ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਐਵਾਰਡ ਦੇ ਨਾਲ ਕੋਹਲੀ ਦੀ ਤਸਵੀਰ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਨੂੰ ਟਰਾਫੀ ਅਤੇ ਕੈਪ ਦਿੱਤੀ ਜਾ ਰਹੀ ਹੈ।
ਵਿਰਾਟ ਕੋਹਲੀ ਨੇ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਵਿਰਾਟ ਨੇ 27 ਵਨਡੇ ਮੈਚਾਂ ਦੀਆਂ 24 ਪਾਰੀਆਂ 'ਚ 72.47 ਦੀ ਔਸਤ ਅਤੇ 99.13 ਦੀ ਸਟ੍ਰਾਈਕ ਰੇਟ ਨਾਲ 1377 ਦੌੜਾਂ ਬਣਾਈਆਂ। ਇਸ 'ਚ 6 ਸੈਂਕੜੇ ਅਤੇ 8 ਅਰਧ ਸੈਂਕੜੇ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 166 ਦੌੜਾਂ ਅਜੇਤੂ ਰਿਹਾ।
ਪਿਛਲੇ ਸਾਲ ਭਾਰਤ 'ਚ ਖੇਡੇ ਗਏ ਵਨਡੇ ਵਿਸ਼ਵ ਕੱਪ 'ਚ ਵਿਰਾਟ ਕੋਹਲੀ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ 11 ਮੈਚਾਂ 'ਚ 765 ਦੌੜਾਂ ਬਣਾਈਆਂ ਸਨ। ਵਿਰਾਟ ਦੇ 3 ਸੈਂਕੜੇ ਵਿਸ਼ਵ ਕੱਪ ਵਰਗੇ ਵੱਡੇ ਫਾਰਮੈਟ ਵਿੱਚ ਆਏ, ਜਿਸ ਦੌਰਾਨ ਉਨ੍ਹਾਂ ਨੇ ਸੈਂਕੜਿਆਂ ਦੇ ਮਾਮਲੇ ਵਿੱਚ ਸਚਿਨ ਤੇਂਦੁਲਕਰ ਦੇ 49 ਸੈਂਕੜੇ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਉਨ੍ਹਾਂ ਦੇ ਪ੍ਰਦਰਸ਼ਨ ਦੇ ਕਾਰਨ ਹੀ ਕੋਹਲੀ ਨੂੰ ਆਈਸੀਸੀ ਵਨਡੇ ਪਲੇਅਰ ਆਫ ਦਿ ਈਅਰ ਦਾ ਪੁਰਸਕਾਰ ਦਿੱਤਾ ਗਿਆ।
ਇਸ ਤੋਂ ਪਹਿਲਾਂ 7 ਭਾਰਤੀ ਖਿਡਾਰੀਆਂ ਨੂੰ ਆਈਸੀਸੀ ਸਾਲ ਦਾ ਐਵਾਰਡ ਦਿੱਤਾ ਗਿਆ ਸੀ। ਰਵਿੰਦਰ ਜਡੇਜਾ ਨੂੰ ਸਾਲ ਦੀ ਸਰਬੋਤਮ ਟੈਸਟ ਟੀਮ ਦੀ ਕੈਪ ਦਿੱਤੀ ਗਈ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਅਤੇ ਅਰਸ਼ਦੀਪ ਸਿੰਘ ਨੂੰ ਸਾਲ ਦੀ ਟੀ-20 ਕ੍ਰਿਕਟ ਟੀਮ ਦੀ ਕੈਪ ਦਿੱਤੀ ਗਈ, ਸੂਰਿਆ ਨੂੰ ਟੀ-20 ਪਲੇਅਰ ਆਫ ਦਿ ਈਅਰ ਦਾ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਰੋਹਿਤ ਸ਼ਰਮਾ, ਮੁਹੰਮਦ ਸਿਰਾਜ, ਸ਼ੁਭਮਨ ਗਿੱਲ ਅਤੇ ਕੁਲਦੀਪ ਯਾਦਵ ਨੂੰ ਆਈਸੀਸੀ ਵਨਡੇ ਟੀਮ ਆਫ ਦਿ ਈਅਰ ਦੀ ਕੈਪ ਦਿੱਤੀ ਗਈ।