ਨਵੀਂ ਦਿੱਲੀ: ਮਹਿਲਾ ਟੀ-20 ਵਿਸ਼ਵ ਕੱਪ 2024 'ਚ ਭਾਰਤੀ ਟੀਮ ਨੇ ਆਪਣੇ ਤੀਜੇ ਮੈਚ 'ਚ ਸ਼੍ਰੀਲੰਕਾ 'ਤੇ ਜਿੱਤ ਦਰਜ ਕੀਤੀ ਹੈ। ਭਾਰਤ ਨੇ ਸ਼੍ਰੀਲੰਕਾ 'ਤੇ 82 ਦੌੜਾਂ ਦੀ ਜਿੱਤ ਨਾਲ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ ਸਿਰਫ 90 ਦੌੜਾਂ ਹੀ ਬਣਾ ਸਕੀ।
ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਆਪਣੇ ਪਹਿਲੇ ਹੀ ਮੈਚ 'ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਦਾ ਸੈਮੀਫਾਈਨਲ 'ਚ ਜਾਣ ਦਾ ਰਾਹ ਥੋੜ੍ਹਾ ਮੁਸ਼ਕਿਲ ਹੋ ਗਿਆ ਸੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਅਰਧ ਸੈਂਕੜੇ ਦੀ ਬਦੌਲਤ 172 ਦੌੜਾਂ ਬਣਾਈਆਂ। ਮੰਧਾਨਾ ਨੇ 38 ਗੇਂਦਾਂ 'ਚ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ। ਹਰਮਨਪ੍ਰੀਤ ਨੇ 27 ਗੇਂਦਾਂ 'ਚ 1 ਛੱਕੇ ਅਤੇ 8 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ ਨੇ 43, ਜੇਮਿਮਾ ਰੌਡਰਿਗਜ਼ ਨੇ 16 ਅਤੇ ਰਿਚਾ ਘੋਸ਼ ਨੇ 6 ਦੌੜਾਂ ਬਣਾਈਆਂ।
ਭਾਰਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਅਰੁੰਧਤੀ ਰੈੱਡੀ ਅਤੇ ਆਸ਼ਾ ਸ਼ੋਭਨਾ ਨੇ 3-3 ਵਿਕਟਾਂ ਲਈਆਂ, ਜਦਕਿ ਰੇਣੂਕਾ ਸਿੰਘ ਨੇ 2 ਵਿਕਟਾਂ ਅਤੇ ਸ਼੍ਰੇਅੰਕਾ ਪਾਟਿਲ ਅਤੇ ਦੀਪਤੀ ਸ਼ਰਮਾ ਨੇ 1-1 ਵਿਕਟ ਲਈ। ਸ਼੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਬੇਵੱਸ ਨਜ਼ਰ ਆਈ ਕਿਉਂਕਿ ਉਹ ਦੌੜਾਂ ਨਹੀਂ ਬਣਾ ਪਾ ਰਹੀ ਸੀ।
ਭਾਰਤੀ ਟੀਮ ਆਪਣੇ ਆਖ਼ਰੀ ਗਰੁੱਪ ਗੇੜ ਦੇ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗੀ ਜਿੱਥੇ ਉਸ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਕਿਸੇ ਵੀ ਕੀਮਤ ’ਤੇ ਜਿੱਤ ਹਾਸਲ ਕਰਨੀ ਪਵੇਗੀ। ਜੇਕਰ ਟੀਮ ਇੰਡੀਆ ਇਹ ਮੈਚ ਹਾਰ ਜਾਂਦੀ ਹੈ ਤਾਂ ਉਹ ਸੈਮੀਫਾਈਨਲ ਦੀ ਦੌੜ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ।