ਨਵੀਂ ਦਿੱਲੀ: IPL 2024 ਦੀ ਸ਼ੁਰੂਆਤ 22 ਮਾਰਚ ਦਿਨ ਸ਼ੁੱਕਰਵਾਰ ਤੋਂ ਹੋ ਰਹੀ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ 'ਚ ਐੱਮਐੱਸ ਧੋਨੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਨਹੀਂ ਆਉਣਗੇ, ਸਗੋਂ ਰਿਤੁਰਾਜ ਗਾਇਕਵਾੜ ਨੂੰ ਸੀਐੱਸਕੇ ਦਾ ਕਪਤਾਨ ਬਣਾਇਆ ਗਿਆ ਹੈ। ਕੈਪਟਨ ਫੋਟੋਸ਼ੂਟ 'ਚ ਵੀ ਗਾਇਕਵਾੜ ਨਜ਼ਰ ਆਏ।
ਚੇਨਈ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਆਈਪੀਐਲ ਤੋਂ ਪਹਿਲਾਂ ਕੈਪਟਨ ਫੋਟੋਸ਼ੂਟ ਵਿੱਚ ਨਾ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਧੋਨੀ ਚੇਨਈ ਦੀ ਕਪਤਾਨੀ ਕਰਨਗੇ ਅਤੇ ਉਹ ਫੋਟੋਸ਼ੂਟ 'ਚ ਵੀ ਨਜ਼ਰ ਆਉਣਗੇ। ਪਰ ਫੋਟੋਸ਼ੂਟ 'ਚ ਗਾਇਕਵਾੜ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਚੇਨਈ ਦੇ ਨਵੇਂ ਕਪਤਾਨ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਇਹ ਜਾਣਕਾਰੀ ਕੈਪਟਨ ਦੇ ਫੋਟੋਸ਼ੂਟ ਤੋਂ ਬਾਅਦ ਹੀ ਸਾਹਮਣੇ ਆਈ ਹੈ।
ਇਸ ਵਾਰ ਆਈਪੀਐਲ ਦੀਆਂ ਦੋ ਵੱਡੀਆਂ ਟੀਮਾਂ ਦੇ ਸਟਾਰ ਬੱਲੇਬਾਜ਼ ਕਪਤਾਨ ਨਹੀਂ ਹਨ। ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਕੇ ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਹੈ। ਧੋਨੀ ਦੀ ਜਗ੍ਹਾ ਗਾਇਕਵਾੜ ਚੇਨਈ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਗਾਇਕਵਾੜ ਨੇ 2023 ਵਿੱਚ ਹਾਂਗਜ਼ੂ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਗਾਇਕਵਾੜ ਦੀ ਕਪਤਾਨੀ ਹੇਠ ਭਾਰਤ ਨੇ ਫਾਈਨਲ ਜਿੱਤ ਕੇ ਸੋਨ ਤਗਮਾ ਜਿੱਤਿਆ।