ਚੇਨਈ: IPL 2024 ਦਾ ਕੁਆਲੀਫਾਇਰ-2 ਅੱਜ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਣਾ ਹੈ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਜੋ ਵੀ ਟੀਮ ਇਹ ਮੈਚ ਜਿੱਤੇਗੀ ਉਸ ਨੂੰ ਫਾਈਨਲ ਦੀ ਟਿਕਟ ਮਿਲੇਗੀ। ਜਦਕਿ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ। ਹੈਦਰਾਬਾਦ ਕੁਆਲੀਫਾਇਰ-1 'ਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਕੇ ਕੁਆਲੀਫਾਇਰ-2 'ਚ ਪਹੁੰਚ ਗਿਆ ਹੈ, ਜਦਕਿ ਰਾਜਸਥਾਨ ਆਰਸੀਬੀ ਨੂੰ ਐਲੀਮੀਨੇਟਰ 'ਚ ਹਰਾ ਕੇ ਕੁਆਲੀਫਾਇਰ-2 'ਚ ਪਹੁੰਚ ਗਿਆ ਹੈ। ਇਸ ਸ਼ਾਨਦਾਰ ਮੈਚ ਤੋਂ ਪਹਿਲਾਂ ਜਾਣੋ ਦੋਵਾਂ ਟੀਮਾਂ ਦੇ ਅਹਿਮ ਖਿਡਾਰੀਆਂ ਨੂੰ ਜਿਨ੍ਹਾਂ 'ਤੇ ਇਸ ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।
ਰਾਜਸਥਾਨ ਰਾਇਲਜ਼:ਰਾਜਸਥਾਨ ਰਾਇਲਜ਼ ਦੀ ਬੱਲੇਬਾਜ਼ੀ ਕਪਤਾਨ ਸੰਜੂ ਸੈਮਸਨ ਅਤੇ ਰਿਆਨ ਪਰਾਗ ਦੇ ਆਲੇ-ਦੁਆਲੇ ਘੁੰਮਦੀ ਹੈ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ 'ਚ ਕਾਫੀ ਦੌੜਾਂ ਬਣਾਈਆਂ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ ਵੀ ਬੱਲੇ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਪਰ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ 'ਚ ਵੀ ਉਹ ਆਪਣੇ ਨਾਂ ਮੁਤਾਬਕ ਪ੍ਰਭਾਵ ਛੱਡਣ 'ਚ ਨਾਕਾਮ ਰਹੇ ਹਨ। ਅੱਜ ਦੇ ਵੱਡੇ ਮੈਚ ਵਿੱਚ ਧਰੁਵ ਜੁਰੇਲ ਅਤੇ ਰੋਵਮੈਨ ਪਾਵੇਲ ਤੋਂ ਵੀ ਦੌੜਾਂ ਬਣਾਉਣ ਦੀ ਉਮੀਦ ਹੋਵੇਗੀ। ਇਸ ਦੇ ਨਾਲ ਹੀ ਗੇਂਦਬਾਜ਼ੀ 'ਚ ਸਟਾਰ ਸਪਿਨਰ ਯੁਜਵੇਂਦਰ ਚਾਹਲ, ਅਵੇਸ਼ ਖਾਨ, ਟ੍ਰੇਂਟ ਬੋਲਟ ਅਤੇ ਸੰਦੀਪ ਸਿੰਘ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ।
RR ਦੇ ਇਨ੍ਹਾਂ ਖਿਡਾਰੀਆਂ 'ਤੇ ਰਹੇਗੀ ਨਜ਼ਰ:-
ਬੱਲੇਬਾਜ਼
- ਰਿਆਨ ਪਰਾਗ: ਮੈਚ-15, ਦੌੜਾਂ-567 (0 ਸੈਂਕੜਾ/4 ਅਰਧ ਸੈਂਕੜੇ)
- ਸੰਜੂ ਸੈਮਸਨ: ਮੈਚ-15, ਦੌੜਾਂ-501 (0 ਸੈਂਕੜਾ/5 ਅਰਧ ਸੈਂਕੜੇ)
- ਯਸ਼ਸਵੀ ਜੈਸਵਾਲ: ਮੈਚ - 15, ਦੌੜਾਂ - 393 (1 ਸੈਂਕੜਾ/1 ਅਰਧ ਸੈਂਕੜਾ)
ਗੇਂਦਬਾਜ਼
- ਯੁਜ਼ਵੇਂਦਰ ਚਾਹਲ: ਮੈਚ-14, ਵਿਕਟ-18
- ਅਵੇਸ਼ ਖਾਨ: ਮੈਚ-15, ਵਿਕਟ-16
- ਟ੍ਰੇਂਟ ਬੋਲਟ: ਮੈਚ-15, ਵਿਕਟ-13