ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਓਲੰਪਿਕ 2024 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਪ੍ਰੀਤੀ ਨੇ ਮਹਿਲਾਵਾਂ ਦੇ 54 ਕਿਲੋਗ੍ਰਾਮ ਵਰਗ ਵਿੱਚ ਵੀਅਤਨਾਮ ਦੀ ਵੋ ਥੀ ਕਿਮ ਐਨਹ ਖ਼ਿਲਾਫ਼ ਜਿੱਤ ਦਰਜ ਕੀਤੀ। ਇਸ ਨਾਲ ਉਹ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਗਈ। ਸ਼ਨੀਵਾਰ ਦੇਰ ਰਾਤ ਖੇਡੇ ਗਏ ਮੈਚ 'ਚ ਪ੍ਰੀਤੀ ਨੇ ਪਹਿਲੀ ਵਾਰ ਓਲੰਪਿਕ ਖੇਡਾਂ 'ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਨੇ ਸ਼ੁਰੂਆਤੀ ਮੈਚ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਅੰਕਾਂ ਦੇ ਆਧਾਰ 'ਤੇ 5-0 ਨਾਲ ਜਿੱਤ ਦਰਜ ਕੀਤੀ।
ਹਰਿਆਣਾ ਦੀ 20 ਸਾਲਾ ਅਥਲੀਟ ਅਤੇ ਏਸ਼ਿਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪਵਾਰ ਸ਼ੁਰੂਆਤੀ ਦੌਰ ਵਿੱਚ ਕੋਈ ਮਜ਼ਬੂਤ ਪ੍ਰਭਾਵ ਨਹੀਂ ਬਣਾ ਸਕੀ ਕਿਉਂਕਿ ਉਨ੍ਹਾਂ ਦੀ ਵੀਅਤਨਾਮੀ ਵਿਰੋਧੀ ਨੇ ਮੁਕਾਬਲੇ ਵਿੱਚ ਲੀਡ ਲੈ ਲਈ। ਹਾਲਾਂਕਿ, ਪ੍ਰੀਤੀ ਨੇ ਹਮਲਾਵਰ ਰਣਨੀਤੀ ਰਾਹੀਂ ਅਗਲੇ ਦੌਰ ਵਿੱਚ ਸਥਿਤੀ ਨੂੰ ਬਦਲ ਦਿੱਤਾ ਅਤੇ ਸਫਲਤਾਪੂਰਵਕ ਆਪਣੇ ਵਿਰੋਧੀ ਦੇ ਖਿਲਾਫ ਸਪੱਸ਼ਟ ਹਮਲੇ ਕੀਤੇ, ਜਿਸ ਨਾਲ ਉਨ੍ਹਾਂ ਦੀ ਜਿੱਤ ਯਕੀਨੀ ਹੋ ਗਈ।