ਕ੍ਰਾਈਸਟਚਰਚ:ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ 17 ਅਪ੍ਰੈਲ ਤੋਂ 27 ਅਪ੍ਰੈਲ ਤੱਕ ਖੇਡੀ ਜਾਵੇਗੀ। ਇਸ ਸੀਰੀਜ਼ ਲਈ ਨਿਊਜ਼ੀਲੈਂਡ ਨੇ ਪਾਕਿਸਤਾਨ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਆਲਰਾਊਂਡਰ ਮਾਈਕਲ ਬ੍ਰੇਸਵੇਲ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਦੇ ਘਰੇਲੂ ਮੈਦਾਨ 'ਤੇ ਹੋਣ ਵਾਲੀ ਇਸ ਸੀਰੀਜ਼ ਦੇ ਮੈਚ ਲਾਹੌਰ ਅਤੇ ਰਾਵਲਪਿੰਡੀ 'ਚ ਖੇਡੇ ਜਾਣਗੇ।
ਮਾਈਕਲ ਬ੍ਰੇਸਵੈੱਲ ਸੱਟ ਕਾਰਨ ਮਾਰਚ 2023 ਤੋਂ ਨਿਊਜ਼ੀਲੈਂਡ ਟੀਮ ਤੋਂ ਬਾਹਰ ਸੀ। ਸੱਟ ਤੋਂ ਉਭਰਨ ਤੋਂ ਬਾਅਦ ਉਨ੍ਹਾਂ ਨੇ ਕੀਵੀ ਟੀਮ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਨਿਊਜ਼ੀਲੈਂਡ ਦੇ ਚੋਣਕਾਰ ਸੈਮ ਵੇਲਸ ਨੇ ਕਿਹਾ ਕਿ ਬ੍ਰੇਸਵੈੱਲ ਨੇ ਟੀਮ 'ਚ ਵਾਪਸੀ ਅਤੇ ਸੱਟ ਤੋਂ ਉਭਰਨ ਲਈ ਧੀਰਜ ਦਿਖਾਇਆ ਹੈ। ਵੇਲਸ ਨੇ ਕਿਹਾ, 'ਮਾਈਕਲ ਨੂੰ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹਿਣਾ ਪਿਆ ਹੈ ਅਤੇ ਉਸ ਨੂੰ ਦੁਬਾਰਾ ਕ੍ਰਿਕਟ ਖੇਡਦੇ ਦੇਖਣਾ ਰੋਮਾਂਚਿਕ ਹੈ। ਅੱਡੀ ਦੀ ਸੱਟ ਤੋਂ ਬਾਅਦ ਉਹ ਫਿਰ ਤੋਂ ਚੰਗਾ ਖੇਡ ਰਿਹਾ ਹੈ, ਇਹ ਉਸ ਦੀ ਸਖ਼ਤ ਮਿਹਨਤ ਦਾ ਸਬੂਤ ਹੈ।
ਉਹ ਇੱਕ ਚੰਗਾ ਕਪਤਾਨ ਹੈ। ਉਸ ਕੋਲ ਵੈਲਿੰਗਟਨ ਦੇ ਨਾਲ-ਨਾਲ ਨਿਊਜ਼ੀਲੈਂਡ ਏ ਅਤੇ ਨਿਊਜ਼ੀਲੈਂਡ ਇਲੈਵਨ ਟੀਮਾਂ ਦੀ ਕਪਤਾਨੀ ਕਰਨ ਦਾ ਤਜਰਬਾ ਹੈ, ਜਿਸ ਕਾਰਨ ਸਾਨੂੰ ਵਿਸ਼ਵਾਸ ਹੈ ਕਿ ਉਹ ਪਾਕਿਸਤਾਨ ਵਿੱਚ ਟੀਮ ਦੀ ਅਗਵਾਈ ਕਰਨ ਲਈ ਇੱਕ ਚੰਗਾ ਵਿਕਲਪ ਹੈ। ਇਸ ਸੀਰੀਜ਼ ਲਈ ਦੋ ਨੌਜਵਾਨ ਖਿਡਾਰੀਆਂ ਟਿਮ ਰੌਬਿਨਸਨ ਅਤੇ ਵਿਲੀਅਮ ਓ'ਰੂਰਕੇ ਨੂੰ ਪਹਿਲੀ ਵਾਰ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਇਸ ਸੀਰੀਜ਼ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ 'ਚ ਉਥਲ-ਪੁਥਲ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬਾਬਰ ਆਜ਼ਮ ਨੂੰ ਫਿਰ ਤੋਂ ਵਨਡੇ ਅਤੇ ਟੀ-20 ਦਾ ਕਪਤਾਨ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਸ ਤੋਂ ਕਪਤਾਨੀ ਖੋਹ ਕੇ ਸ਼ਾਹੀਨ ਅਫਰੀਦੀ ਨੂੰ ਦਿੱਤੀ ਗਈ ਸੀ। ਖਬਰਾਂ ਮੁਤਾਬਿਕ ਸ਼ਾਹੀਨ ਅਫਰੀਦੀ ਮੈਨੇਜਮੈਂਟ ਦੇ ਇਸ ਫੈਸਲੇ ਤੋਂ ਨਾਰਾਜ਼ ਹਨ। ਬਾਬਰ ਆਜ਼ਮ ਇੱਕ ਵਾਰ ਫਿਰ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।
ਨਿਊਜ਼ੀਲੈਂਡ ਟੀਮ - ਮਾਈਕਲ ਬ੍ਰੇਸਵੈੱਲ (ਕਪਤਾਨ), ਮਾਰਕ ਚੈਪਮੈਨ, ਫਿਨ ਐਲਨ, ਜੈਕਬ ਡਫੀ, ਡੀਨ ਫੌਕਸਕ੍ਰਾਫਟ, ਬੇਨ ਲਿਸਟਰ, ਕੋਲ ਮੈਕਕੌਂਕੀ, ਐਡਮ ਮਿਲਨੇ, ਜਿੰਮੀ ਨੀਸ਼ਮ, ਟਿਮ ਰੌਬਿਨਸਨ, ਟਿਮ ਸੀਫਰਟ, ਈਸ਼ ਸੋਢੀ, ਜੋਸ਼ ਕਲਾਰਕਸਨ, ਵਿਲ ਓਰਕੇ.