ਨਵੀਂ ਦਿੱਲੀ:ਟੈਸਟ ਮੈਚਾਂ, FIH ਹਾਕੀ ਪ੍ਰੋ ਲੀਗ ਅਤੇ ਪੈਰਿਸ 2024 ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਸਰਪੰਚ ਕਹੇ ਜਾਂਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ FIH ਪਲੇਅਰ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 28 ਸਾਲਾ ਡਿਫੈਂਡਰ ਨੇ ਇਸ ਤੋਂ ਪਹਿਲਾਂ 2020-21 ਅਤੇ 2021-22 ਵਿੱਚ ਇਹ ਵੱਕਾਰੀ ਪੁਰਸਕਾਰ ਜਿੱਤਿਆ ਸੀ।
ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ, 'ਐਫਆਈਐਚ ਪਲੇਅਰ ਆਫ ਦਿ ਈਅਰ ਐਵਾਰਡ ਲਈ ਦੁਬਾਰਾ ਨਾਮਜ਼ਦ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਦੁਨੀਆ ਦੇ ਕੁਝ ਸਰਵਸ੍ਰੇਸ਼ਠ ਖਿਡਾਰੀਆਂ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੇਰੀ ਟੀਮ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਸੀ। FIH ਹਾਕੀ ਪ੍ਰੋ ਲੀਗ ਅਤੇ ਪੈਰਿਸ 2024 ਓਲੰਪਿਕ ਖੇਡਾਂ ਵਿੱਚ ਮੈਂ ਜਿੰਨੇ ਵੀ ਗੋਲ ਕੀਤੇ ਹਨ, ਉਹ ਟੀਮ ਦੀ ਬਦੌਲਤ ਹੀ ਸੰਭਵ ਹੋਏ ਹਨ'।
ਹਰਮਨਪ੍ਰੀਤ ਨੂੰ 2024 ਵਿੱਚ ਖੇਡੇ ਗਏ ਸਾਰੇ ਅੰਤਰਰਾਸ਼ਟਰੀ ਮੈਚਾਂ ਨੂੰ ਧਿਆਨ ਵਿੱਚ ਰੱਖਦਿਆਂ ਥੀਏਰੀ ਬ੍ਰਿੰਕਮੈਨ (ਨੀਦਰਲੈਂਡ), ਜੋਪ ਡੀ ਮੋਲ (ਨੀਦਰਲੈਂਡ), ਹੈਨਸ ਮੂਲਰ (ਜਰਮਨੀ) ਅਤੇ ਜੈਕ ਵੈਲੇਸ (ਇੰਗਲੈਂਡ) ਦੇ ਨਾਲ ਰੱਖਿਆ ਗਿਆ ਹੈ।
ਹਾਕੀ ਦੇ ਕਪਤਾਨ ਕੂਲ ਨੇ ਆਪਣੇ ਸ਼ਾਨਦਾਰ ਡਿਫੈਂਸ ਅਤੇ ਪੈਨਲਟੀ ਕਾਰਨਰ ਤੋਂ ਸ਼ਾਨਦਾਰ ਗੋਲ ਕਰਨ ਦੀ ਸਮਰੱਥਾ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੈਰਿਸ 2024 ਦੀਆਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਓਲੰਪਿਕ ਦੇ ਅੱਠ ਮੈਚਾਂ ਵਿੱਚ 10 ਗੋਲ ਕੀਤੇ, ਜਿਨ੍ਹਾਂ ਵਿੱਚੋਂ 7 ਗੋਲ ਪੈਨਲਟੀ ਕਾਰਨਰ ਤੋਂ ਆਏ ਜਦਕਿ ਬਾਕੀ 3 ਗੋਲ ਪੈਨਲਟੀ ਸਟ੍ਰੋਕਾਂ ਤੋਂ ਆਏ।
ਉਨ੍ਹਾਂ ਨੇ ਕਿਹਾ, 'ਪੈਰਿਸ 2024 ਓਲੰਪਿਕ ਨਾ ਸਿਰਫ ਇਸ ਸਾਲ ਦਾ ਸਭ ਤੋਂ ਸ਼ਾਨਦਾਰ ਟੂਰਨਾਮੈਂਟ ਸੀ, ਸਗੋਂ ਮੇਰੇ ਪੂਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਸਫਰ ਵੀ ਸੀ। ਟੀਮ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ, ਖਾਸ ਤੌਰ 'ਤੇ ਪਿਛਲੇ ਸਾਲ ਵਿਸ਼ਵ ਕੱਪ ਦੌਰਾਨ, ਜਦੋਂ ਮੈਂ ਪੈਨਲਟੀ ਕਾਰਨਰ ਤੋਂ ਗੋਲ ਨਹੀਂ ਕਰ ਸਕਿਆ ਸੀ। ਪਰ ਟੀਮ ਨੇ ਮੈਨੂੰ ਕਿਸੇ ਵੀ ਤਰ੍ਹਾਂ ਨਾਲ ਦੋਸ਼ੀ ਮਹਿਸੂਸ ਨਹੀਂ ਹੋਣ ਦਿੱਤਾ ਜਦਕਿ ਉਨ੍ਹਾਂ ਨੇ ਓਲੰਪਿਕ 'ਚ ਚੰਗਾ ਪ੍ਰਦਰਸ਼ਨ ਕਰਨ ਅਤੇ ਤਮਗਾ ਜਿੱਤਣ ਲਈ ਮੇਰਾ ਸਮਰਥਨ ਕੀਤਾ। ਮੇਰੇ ਮਨ 'ਚ ਹਮੇਸ਼ਾ ਇਹ ਸੀ ਕਿ ਮੈਨੂੰ ਟੀਮ ਵੱਲੋਂ ਮੇਰੇ 'ਤੇ ਰੱਖੇ ਗਏ ਭਰੋਸੇ 'ਤੇ ਖਰਾ ਉਤਰਨਾ ਹੋਵੇਗਾ'।
ਓਲੰਪਿਕ ਖੇਡਾਂ ਤੋਂ ਬਾਅਦ ਥੋੜ੍ਹੇ ਜਿਹੇ ਬ੍ਰੇਕ ਤੋਂ ਪਰਤਣ ਤੋਂ ਬਾਅਦ ਹਰਮਨਪ੍ਰੀਤ ਨੇ ਚੀਨ ਦੇ ਮੋਕੀ 'ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ 2024 'ਤੇ ਆਪਣੀਆਂ ਨਜ਼ਰਾਂ ਟਿਕਾਈਆਂ। ਟੀਮ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਚੁਣਿਆ ਗਿਆ, ਜਿਸ ਵਿਚ ਭਾਰਤ ਨੇ ਚੀਨ ਵਿਚ ਖਿਤਾਬ ਬਰਕਰਾਰ ਰੱਖਿਆ।