ਮੁੰਬਈ:ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਨੀਵਾਰ 18 ਜਨਵਰੀ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਯਸ਼ਸਵੀ ਜੈਸਵਾਲ, ਜਿੰਨ੍ਹਾਂ ਨੇ ਅਜੇ ਤੱਕ ਵਨ ਡੇ ਇੰਟਰਨੈਸ਼ਨਲ 'ਚ ਆਪਣਾ ਡੈਬਿਊ ਨਹੀਂ ਕੀਤਾ ਹੈ, ਉਨ੍ਹਾਂ ਨੂੰ ਵੀ ਰੋਹਿਤ ਸ਼ਰਮਾ ਦੀ ਅਗਵਾਈ ਅਤੇ ਉਪ-ਕਪਤਾਨ ਸ਼ੁਭਮਨ ਗਿੱਲ ਵਾਲੀ ਇਸ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਚੈਂਪੀਅਨਜ਼ ਟਰਾਫੀ ਟੀਮ ਵਿੱਚ ਯਸ਼ਸਵੀ ਜੈਸਵਾਲ ਦੀ ਚੋਣ
ਭਾਰਤ ਦੇ ਸ਼ਕਤੀਸ਼ਾਲੀ ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਅਜੇ ਤੱਕ ਵਨਡੇ 'ਚ ਡੈਬਿਊ ਨਹੀਂ ਕੀਤਾ ਹੈ ਪਰ, ਉਨ੍ਹਾਂ ਨੇ ਟੈਸਟ ਅਤੇ ਟੀ-20 ਕ੍ਰਿਕਟ ਵਿੱਚ ਆਪਣੀ ਪ੍ਰਤਿਭਾ ਸਾਬਤ ਕੀਤੀ ਹੈ। ਉਹ ਟੀਮ ਇੰਡੀਆ ਲਈ ਲਗਾਤਾਰ ਕਾਫੀ ਦੌੜਾਂ ਬਣਾ ਰਹੇ ਹਨ। ਉਨ੍ਹਾਂ ਦੀ ਫਾਰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ 15 ਮੈਂਬਰੀ ਭਾਰਤੀ ਟੀਮ 'ਚ ਜਗ੍ਹਾ ਮਿਲੀ ਹੈ।
ਰੋਹਿਤ ਸ਼ਰਮਾ ਨੇ ਚੋਣ ਦਾ ਕਾਰਨ ਦੱਸਿਆ
ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੀ ਵਨਡੇ ਅੰਤਰਰਾਸ਼ਟਰੀ ਮੈਚ ਨਾ ਖੇਡਣ ਵਾਲੇ ਯਸ਼ਸਵੀ ਜੈਸਵਾਲ ਨੂੰ ਟੀਮ ਵਿੱਚ ਚੁਣੇ ਜਾਣ ਦਾ ਕਾਰਨ ਦੱਸਿਆ ਹੈ। ਰੋਹਿਤ ਸ਼ਰਮਾ ਨੇ ਕਿਹਾ, 'ਅਸੀਂ ਯਸ਼ਸਵੀ ਜੈਸਵਾਲ ਨੂੰ ਉਨ੍ਹਾਂ ਦੇ ਪਿਛਲੇ 6-8 ਮਹੀਨਿਆਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਹੈ, ਉਨ੍ਹਾਂ ਨੇ ਇਕ ਵੀ ਵਨਡੇ ਨਹੀਂ ਖੇਡਿਆ ਹੈ, ਪਰ ਅਸੀਂ ਉਨ੍ਹਾਂ ਦੀ ਕਾਬਲੀਅਤ ਦੇ ਕਾਰਨ ਉਨ੍ਹਾਂ ਨੂੰ ਚੁਣਿਆ ਹੈ।'