ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ 'ਚ ਖੇਡੇ ਜਾ ਰਹੇ ਚੈਂਪੀਅਨਸ ਟਰਾਫੀ 2025 ਦੇ ਪੰਜਵੇਂ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਪਾਕਿਸਤਾਨ ਖਿਲਾਫ 1 ਦੌੜਾਂ ਬਣਾ ਕੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਹਿਤ ਸ਼ਰਮਾ ਅੰਤਰਰਾਸ਼ਟਰੀ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਹੁਣ ਉਹ 9000 ਵਨਡੇ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਸਭ ਤੋਂ ਤੇਜ਼ ਅਤੇ ਭਾਰਤ ਦਾ ਤੀਜਾ ਸਭ ਤੋਂ ਤੇਜ਼ ਸਲਾਮੀ ਬੱਲੇਬਾਜ਼ ਬਣ ਗਿਆ ਹੈ।
ਰੋਹਿਤ ਸ਼ਰਮਾ ਬਣੇ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ
ਇਸ ਨਾਲ ਉਹ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਤੋਂ ਬਾਅਦ ਅਜਿਹਾ ਕਰਨ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਇਹ ਖਾਸ ਉਪਲੱਬਧੀ ਹਾਸਲ ਕੀਤੀ ਹੈ। ਉਸਨੇ 181 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਅਤੇ ਸਚਿਨ ਤੇਂਦੁਲਕਰ (197) ਅਤੇ ਸੌਰਵ ਗਾਂਗੁਲੀ (231) ਨੂੰ ਪਿੱਛੇ ਛੱਡ ਦਿੱਤਾ। ਕ੍ਰਿਸ ਗੇਲ (246) ਅਤੇ ਐਡਮ ਗਿਲਕ੍ਰਿਸਟ ਨੇ ਕ੍ਰਮਵਾਰ 246 ਅਤੇ 253 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।
ਰੋਹਿਤ ਨੇ ਸਚਿਨ ਅਤੇ ਗਾਂਗੁਲੀ ਨੂੰ ਪਿੱਛੇ ਛੱਡਿਆ
ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਸ਼ਰਮਾ ਨੇ 181 ਵਨਡੇ ਮੈਚਾਂ 'ਚ 9000 ਦੌੜਾਂ ਪੂਰੀਆਂ ਕੀਤੀਆਂ ਹਨ। ਘੱਟ ਪਾਰੀਆਂ 'ਚ 9000 ਦੌੜਾਂ ਪੂਰੀਆਂ ਕਰਕੇ ਉਸ ਨੇ ਸਾਬਕਾ ਭਾਰਤੀ ਕ੍ਰਿਕਟਰਾਂ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਤੇਂਦੁਲਕਰ ਨੇ 344 ਮੈਚਾਂ ਵਿੱਚ 15310 ਦੌੜਾਂ ਬਣਾਈਆਂ ਹਨ ਅਤੇ ਸੌਰਵ ਗਾਂਗੁਲੀ ਨੇ ਭਾਰਤੀ ਸਲਾਮੀ ਬੱਲੇਬਾਜ਼ ਵਜੋਂ 242 ਮੈਚਾਂ ਵਿੱਚ 9146 ਦੌੜਾਂ ਬਣਾਈਆਂ ਹਨ।
ਭਾਰਤ ਲਈ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਸਲਾਮੀ ਬੱਲੇਬਾਜ਼
- ਸਚਿਨ ਤੇਂਦੁਲਕਰ - 344 ਮੈਚ - 15310 ਦੌੜਾਂ
- ਸੌਰਵ ਗਾਂਗੁਲੀ - 242 ਮੈਚ - 9146 ਦੌੜਾਂ
- ਰੋਹਿਤ ਸ਼ਰਮਾ - 182 ਮੈਚ - 8999 ਦੌੜਾਂ*
- ਵਰਿੰਦਰ ਸਹਿਵਾਗ - 204 ਮੈਚ - 7240 ਦੌੜਾਂ
- ਸ਼ਿਖਰ ਧਵਨ- 166 ਮੈਚ-6793 ਦੌੜਾਂ
ਇਸ ਮੈਚ 'ਚ ਰੋਹਿਤ ਸ਼ਰਮਾ 15 ਗੇਂਦਾਂ 'ਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ, ਭਾਰਤ ਪਾਕਿਸਤਾਨ ਤੋਂ ਜਿੱਤ ਲਈ 242 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਿਹਾ ਹੈ। ਗਿੱਲ 25 ਦੌੜਾਂ ਬਣਾ ਕੇ ਖੇਡ ਰਹੇ ਹਨ, ਕੋਹਲੀ 0 'ਤੇ ਕ੍ਰੀਜ਼ 'ਤੇ ਮੌਜੂਦ ਹਨ। ਭਾਰਤ ਨੇ 7 ਓਵਰਾਂ 'ਚ 1 ਵਿਕਟ ਗੁਆ ਕੇ ਹੁਣ ਤੱਕ 41 ਦੌੜਾਂ ਬਣਾ ਲਈਆਂ ਹਨ।