ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇਤਿਹਾਸ ਰਚਦਿਆਂ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਮੈਚ 'ਚ ਇਕ ਵਿਕਟ ਲੈ ਕੇ ਅਸ਼ਵਿਨ ਨੇ ਭਾਰਤ ਦੇ ਮਹਾਨ ਲੈੱਗ ਸਪਿਨਰ ਅਤੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ।
ਅਸ਼ਵਿਨ ਨੇ ਕੁੰਬਲੇ ਨੂੰ ਪਿੱਛੇ ਛੱਡਿਆ
ਇਸ ਦੇ ਨਾਲ ਹੀ ਅਸ਼ਵਿਨ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਏਸ਼ੀਆਈ ਕ੍ਰਿਕਟਰ ਬਣ ਗਏ ਹਨ। ਏਸ਼ੀਆਈ ਕ੍ਰਿਕਟਰ ਦੇ ਤੌਰ 'ਤੇ ਅਸ਼ਵਿਨ ਨੇ 420 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ। ਇਸ ਨਾਲ ਉਹ ਅਨਿਲ ਕੁੰਬਲੇ (419 ਵਿਕਟਾਂ) ਤੋਂ ਬਾਅਦ ਏਸ਼ੀਆ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਏਸ਼ੀਆ ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ ਗੇਂਦਬਾਜ਼ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਹਨ। ਉਸ ਦੇ ਨਾਂ 612 ਵਿਕਟਾਂ ਹਨ।
ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਏਸ਼ੀਆਈ ਗੇਂਦਬਾਜ਼
- ਮੁਥੱਈਆ ਮੁਰਲੀਧਰਨ - 612
- ਰਵੀਚੰਦਰਨ ਅਸ਼ਵਿਨ - 420*
- ਅਨਿਲ ਕੁੰਬਲੇ - 419
- ਰੰਗਨਾ ਹੇਰਾਥ - 354
- ਹਰਭਜਨ ਸਿੰਘ - 300
ਭਾਰਤ-ਬੰਗਲਾਦੇਸ਼ਵਿਚਾਲੇ ਖੇਡੇ ਜਾ ਰਹੇ ਮੈਚ 'ਚ ਅਸ਼ਵਿਨ ਨੇ 29ਵੇਂ ਓਵਰ ਦੀ ਪੰਜਵੀਂ ਗੇਂਦ 'ਤੇ 31 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਕੇ ਇਹ ਉਪਲਬਧੀ ਹਾਸਲ ਕੀਤੀ। ਇਸ ਮੈਚ 'ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 35 ਓਵਰਾਂ 'ਚ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕਾਨਪੁਰ 'ਚ ਬਾਰਿਸ਼ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਪਹਿਲੇ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ। ਆਉਣ ਵਾਲੇ ਦਿਨਾਂ 'ਚ ਵੀ ਇਸ ਮੈਚ 'ਤੇ ਮੀਂਹ ਦਾ ਪਰਛਾਵਾਂ ਬਣਿਆ ਹੋਇਆ ਹੈ।