ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਰਾਸ਼ਟਰੀ ਟੀਮ ਦੇ ਸਟਾਰ ਬੱਲੇਬਾਜ਼ ਫਖਰ ਜ਼ਮਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਫਖਰ ਵੱਲੋਂ ਇੰਗਲੈਂਡ ਖਿਲਾਫ ਦੂਜੇ ਅਤੇ ਤੀਜੇ ਟੈਸਟ ਲਈ ਪਾਕਿਸਤਾਨੀ ਟੀਮ ਤੋਂ ਬਾਬਰ ਆਜ਼ਮ ਨੂੰ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਫਖਰ ਜ਼ਮਾਨ ਨੂੰ ਇਕ ਹਫਤੇ ਦੇ ਅੰਦਰ 21 ਅਕਤੂਬਰ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਕਾਰਨ ਦੱਸੋ ਨੋਟਿਸ ਵਿੱਚ, ਪੀਸੀਬੀ ਨੇ ਫਖਰ ਨੂੰ ਕਿਹਾ ਕਿ ਬੋਰਡ ਦੀਆਂ ਨੀਤੀਆਂ ਅਤੇ ਚੋਣ ਦੀ ਆਲੋਚਨਾ ਕਰਨ ਵਾਲੀਆਂ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਉਸ ਦੇ ਖਿਡਾਰੀ ਸਮਝੌਤੇ ਦੀ ਉਲੰਘਣਾ ਹਨ।
ਫਖਰ ਜ਼ਮਾਨ ਨੇ ਬਾਬਰ ਆਜ਼ਮ ਦੇ ਹੱਕ 'ਚ ਕੀ ਲਿਖਿਆ?
ਕ੍ਰਿਕਟਰ ਫਖਰ ਜ਼ਮਾਨ ਨੇ ਸੋਸ਼ਲ ਮੀਡੀਆ 'ਤੇ ਬਾਬਰ ਆਜ਼ਮ ਨੂੰ ਇੰਗਲੈਂਡ ਟੀਮ ਖਿਲਾਫ ਅਗਲੇ 2 ਟੈਸਟ ਮੈਚਾਂ ਦਾ ਹਿੱਸਾ ਨਾ ਬਣਾਏ ਜਾਣ 'ਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਾਬਰ ਆਜ਼ਮ ਨੂੰ ਬਾਹਰ ਕਰਨ ਦੀ ਖਬਰ ਚਿੰਤਾ ਦਾ ਵਿਸ਼ਾ ਹੈ, ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਨੂੰ ਬਾਹਰ ਕਰਨ ਨਾਲ ਨਕਾਰਾਤਮਕ ਸੰਦੇਸ਼ ਜਾਵੇਗਾ। ਫਖਰ ਜ਼ਮਾਨ ਨੇ ਅੱਗੇ ਕਿਹਾ ਸੀ ਕਿ 3 ਸਾਲ ਦੀ ਖਰਾਬ ਫਾਰਮ ਦੇ ਬਾਵਜੂਦ ਭਾਰਤ ਨੇ ਵਿਰਾਟ ਕੋਹਲੀ ਨੂੰ ਨਹੀਂ ਛੱਡਿਆ ਅਤੇ ਘਬਰਾ ਕੇ ਫੈਸਲੇ ਲੈਣ ਦੀ ਬਜਾਏ ਆਪਣੇ ਖਿਡਾਰੀਆਂ ਦੀ ਸੁਰੱਖਿਆ 'ਤੇ ਧਿਆਨ ਦੇਣਾ ਚਾਹੀਦਾ ਹੈ।