ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕੁਆਲਾਲੰਪੁਰ 'ਚ ਲਗਾਤਾਰ ਦੂਜੀ ਵਾਰ ਅੰਡਰ-19 ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਲਈ ਐਤਵਾਰ ਨੂੰ 5 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਕਪਤਾਨ ਨਿੱਕੀ ਪ੍ਰਸਾਦ ਦੀ ਅਗਵਾਈ ਵਾਲੀ ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਹੀ ਅਤੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕੀਤਾ। ਭਾਰਤ ਨੇ ਪੂਰੇ ਟੂਰਨਾਮੈਂਟ ਦੌਰਾਨ ਨਿਡਰ ਇਰਾਦੇ ਨਾਲ ਖੇਡਿਆ ਅਤੇ ਐਤਵਾਰ ਨੂੰ ਇਕਤਰਫਾ ਫਾਈਨਲ ਵਿਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ।
ਬੀਸੀਸੀਆਈ ਨੇ 5 ਕਰੋੜ ਰੁਪਏ ਦੇ ਨਕਦ ਇਨਾਮ ਦਾ ਕੀਤਾ ਐਲਾਨ
ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, 'ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਮਲੇਸ਼ੀਆ ਵਿੱਚ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 2025 ਵਿੱਚ ਆਪਣੇ ਖ਼ਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਲਈ ਭਾਰਤੀ ਅੰਡਰ-19 ਮਹਿਲਾ ਟੀਮ ਨੂੰ ਦਿਲੋਂ ਵਧਾਈ ਦਿੰਦਾ ਹੈ।'
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, 'ਇਸ ਸ਼ਾਨਦਾਰ ਪ੍ਰਾਪਤੀ ਦਾ ਸਨਮਾਨ ਕਰਨ ਲਈ, ਬੀਸੀਸੀਆਈ ਨੇ ਮੁੱਖ ਕੋਚ ਨੁਸ਼ਿਨ ਅਲ ਖਦੀਰ ਅਤੇ ਸਹਿਯੋਗੀ ਸਟਾਫ ਦੀ ਅਗਵਾਈ ਵਾਲੀ ਜੇਤੂ ਟੀਮ ਲਈ 5 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।'