ਹੈਦਰਾਬਾਦ:ਟੀਵੀ ਅਦਾਕਾਰਾ ਹਿਨਾ ਖਾਨ ਛਾਤੀ ਦੇ ਕੈਂਸਰ ਤੋਂ ਪੀੜਿਤ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹਨ। ਫਿਲਹਾਲ, ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਇਹ ਬਿਮਾਰੀ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਨੂੰ ਲੈ ਕੇ ਲੋਕਾਂ 'ਚ ਅੱਜ ਵੀ ਜਾਣਕਾਰੀ ਦੀ ਘਾਟ ਹੈ। ਇਸ ਲਈ ਤੁਹਾਨੂੰ ਛਾਤੀ ਦੇ ਕੈਂਸਰ, ਲੱਛਣ ਅਤੇ ਇਲਾਜ ਬਾਰੇ ਪਤਾ ਹੋਣਾ ਚਾਹੀਦਾ ਹੈ।
ਕੀ ਹੈ ਛਾਤੀ ਦਾ ਕੈਂਸਰ?: ਛਾਤੀ ਦਾ ਕੈਂਸਰ ਇੱਕ ਅਜਿਹੀ ਬਿਮਾਰੀ ਹੈ, ਜਿਸ 'ਚ ਛਾਤੀ ਦੇ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ ਅਤੇ ਟਿਊਮਰ ਦਾ ਰੂਪ ਲੈ ਲੈਂਦੇ ਹਨ। ਜੇਕਰ ਸਮੇਂ ਰਹਿੰਦੇ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਟਿਊਮਰ ਪੂਰੇ ਸਰੀਰ 'ਚ ਫੈਲ ਸਕਦੇ ਹਨ ਅਤੇ ਜਾਨਲੇਵਾ ਵੀ ਹੋ ਸਕਦੇ ਹਨ। ਇਹ ਕੈਂਸਰ ਸੈੱਲ ਦੁੱਧ ਦੀਆਂ ਨਲੀਆਂ, ਛਾਤੀ ਦੇ ਦੁੱਧ ਪੈਦਾ ਕਰਨ ਵਾਲੇ ਲੋਬੂਲਸ ਦੇ ਅੰਦਰ ਵਿਕਸਤ ਹੁੰਦੇ ਹਨ। ਇਸ ਨੂੰ ਛਾਤੀ ਦਾ ਕੈਂਸਰ ਵੀ ਕਿਹਾ ਜਾਂਦਾ ਹੈ।
ਛਾਤੀ ਦਾ ਕੈਂਸਰ ਦੇ ਲੱਛਣ: ਛਾਤੀ ਦੇ ਕੈਂਸਰ ਦੌਰਾਨ ਸ਼ੁਰੂਆਤ 'ਚ ਜ਼ਿਆਦਾ ਲੱਛਣਾਂ ਬਾਰੇ ਪਤਾ ਨਹੀਂ ਲੱਗਦਾ ਹੈ। ਇਸ ਲਈ ਸਹੀ ਸਮੇਂ 'ਤੇ ਛਾਤੀ ਦੇ ਕੈਂਸਰ ਦੇ ਲੱਛਣਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ, ਤਾਂਕਿ ਸਹੀ ਸਮੇਂ 'ਤੇ ਇਲਾਜ ਕਰਵਾ ਕੇ ਇਸ ਸਮੱਸਿਆ ਤੋਂ ਬਚਿਆ ਜਾ ਸਕੇ। ਛਾਤੀ ਦੇ ਕੈਂਸਰ ਦੌਰਾਨ ਛਾਤੀ ਜਾਂ ਕੱਛ ਵਿੱਚ ਗੰਢ, ਛਾਤੀ ਦੀ ਸ਼ਕਲ ਜਾਂ ਆਕਾਰ ਵਿੱਚ ਤਬਦੀਲੀ, ਚਮੜੀ 'ਤੇ ਟੋਏ, ਨਿੱਪਲ ਵਿੱਚੋਂ ਡਿਸਚਾਰਜ ਅਤੇ ਲਗਾਤਾਰ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਛਾਤੀ ਦਾ ਕੈਂਸਰ ਦੇ ਕਾਰਨ: ਇਸ ਸਮੱਸਿਆ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜੋ ਛਾਤੀ ਦੇ ਕੈਂਸਰ ਨੂੰ ਹੋਰ ਵੀ ਵਧਾ ਸਕਦੇ ਹਨ। ਛਾਤੀ ਦੇ ਕੈਂਸਰ ਲਈ ਜ਼ਿੰਮੇਵਾਰ ਕਾਰਨਾਂ 'ਚ ਜੈਨੇਟਿਕ ਪਰਿਵਰਤਨ, ਪਰਿਵਾਰਕ ਇਤਿਹਾਸ, ਉਮਰ, ਲੰਬੇ ਸਮੇਂ ਤੱਕ ਐਸਟ੍ਰੋਜਨ, ਸ਼ਰਾਬ ਦਾ ਸੇਵਨ ਅਤੇ ਮੋਟਾਪਾ ਆਦਿ ਸ਼ਾਮਲ ਹੋ ਸਕਦਾ ਹੈ। ਇਸ ਦੇ ਹੋਰ ਕਾਰਨ ਹੇਠ ਲਿਖੇ ਅਨੁਸਾਰ ਹਨ:-
- 55 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦਾ ਹੋਣਾ।
- ਔਰਤਾਂ ਨੂੰ ਛਾਤੀ ਦਾ ਕੈਂਸਰ ਹੋ ਸਕਦਾ ਹੈ।
- ਜੇਕਰ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਛਾਤੀ ਦਾ ਕੈਂਸਰ ਹੈ, ਤਾਂ ਇਹ ਬਿਮਾਰੀ ਤੁਹਾਨੂੰ ਵੀ ਹੋ ਸਕਦੀ ਹੈ।
- ਤੰਬਾਕੂ ਦਾ ਇਸਤੇਮਾਲ ਛਾਤੀ ਦੇ ਕੈਂਸਰ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ।
- ਸ਼ਰਾਬ ਪੀਣ ਨਾਲ ਛਾਤੀ ਦਾ ਕੈਂਸਰ ਵੱਧ ਸਕਦਾ ਹੈ।
- ਜ਼ਰੂਰਤ ਤੋਂ ਜ਼ਿਆਦਾ ਮੋਟਾਪੇ ਦਾ ਹੋਣਾ।
ਛਾਤੀ ਦੇ ਕੈਂਸਰ ਤੋਂ ਬਚਣ ਦੇ ਤਰੀਕੇ:
- ਛਾਤੀ ਦੇ ਕੈਂਸਰ ਤੋਂ ਬਚਣ ਲਈ ਨਿਯਮਤ ਤੌਰ 'ਤੇ ਮੈਮੋਗਰਾਮ ਅਤੇ ਸਵੈ ਜਾਂਚ ਜ਼ਰੂਰੀ ਹੈ।
- ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਇਸ ਬਿਮਾਰੀ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਤੰਬਾਕੂ, ਸ਼ਰਾਬ ਆਦਿ ਤੋਂ ਦੂਰ ਰਹੋ। ਇਸਦੇ ਨਾਲ ਹੀ, ਰੋਜ਼ਾਨਾ ਯੋਗ ਕਰੋ ਅਤੇ ਸਿਹਤਮੰਦ ਖੁਰਾਕ ਖਾਓ।
- ਡਾਕਟਰ ਦੀ ਸਲਾਹ 'ਤੇ ਤੁਸੀਂ ਰੋਕਥਾਮ ਵਾਲੀ ਸਰਜਰੀ ਜਾਂ ਟੈਮੋਕਸੀਫੇਨ ਵਰਗੀਆਂ ਦਵਾਈਆਂ ਦੀ ਮਦਦ ਲੈ ਸਕਦੇ ਹੋ।
- ਛਾਤੀ ਦੇ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਨਾਲ ਇਸ ਬਿਮਾਰੀ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।