ਹੈਦਰਾਬਾਦ: ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ 'ਚ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਵਿੱਚੋ ਇੱਕ ਹੈ ਵਾਲ ਝੜਨ ਦੀ ਸਮੱਸਿਆ। ਦੱਸ ਦੇਈਏ ਕਿ ਮਰਦ ਅਤੇ ਔਰਤ ਦੋਵੇਂ ਹੀ ਆਪਣੇ ਵਾਲਾਂ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੇ ਹਨ। ਦੋਵੇਂ ਹੀ ਆਪਣੀ ਖੂਬਸੂਰਤੀ ਵਧਾਉਣ ਲਈ ਲੰਬੇ ਅਤੇ ਸੰਘਣੇ ਵਾਲ ਚਾਹੁੰਦੇ ਹਨ, ਪਰ ਇਹ ਇੱਛਾ ਕੁਝ ਹੀ ਲੋਕਾਂ ਦੀ ਪੂਰੀ ਹੁੰਦੀ ਹੈ। ਅੱਜ ਦੇ ਸਮੇਂ 'ਚ ਵਾਲਾਂ ਦਾ ਝੜਨਾ ਵੱਡੀ ਸਮੱਸਿਆ ਬਣ ਰਿਹਾ ਹੈ। ਘੱਟ ਉਮਰ ਵਿੱਚ ਵਾਲ ਝੜਨ ਤੋਂ ਹਰ ਕੋਈ ਪਰੇਸ਼ਾਨ ਹੈ।
ਵਾਲਾਂ ਝੜਨ ਦੀ ਸਮੱਸਿਆ ਪਿੱਛੇ ਕਾਰਨ:ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਹਨ। ਹਰ ਕਿਸਮ ਦੇ ਸ਼ੈਂਪੂ ਅਤੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਵੀ ਵਾਲ ਝੜਨ ਦੀ ਸਮੱਸਿਆ ਘੱਟ ਨਹੀਂ ਹੁੰਦੀ। ਇਸ ਲਈ ਕੁਝ ਲੋਕ ਡਾਕਟਰ ਨਾਲ ਵੀ ਸੰਪਰਕ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ, ਵੱਧਦੇ ਪ੍ਰਦੂਸ਼ਣ ਅਤੇ ਬਦਲਦੀ ਜੀਵਨ ਸ਼ੈਲੀ ਵੀ ਵਾਲ ਝੜਨ ਵਰਗੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਕਾਰਨ ਹੋ ਸਕਦੇ ਹਨ।
ਵਾਲ ਝੜਨ ਤੋਂ ਰੋਕਣ ਲਈ ਘਰੇਲੂ ਨੁਸਖੇ:
ਨੁਕਸਾਨਦੇਹ ਸ਼ੈਂਪੂ:ਵਾਲ ਝੜਨ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਨੁਕਸਾਨਦੇਹ ਸ਼ੈਂਪੂ ਅਤੇ ਤੇਲ ਤੋਂ ਬਚਣਾ ਚਾਹੀਦਾ ਹੈ। ਅੱਜ-ਕੱਲ੍ਹ ਬਜ਼ਾਰ ਵਿੱਚ ਬਹੁਤ ਸਾਰੇ ਕੈਮੀਕਲ ਵਾਲੇ ਪ੍ਰੋਡਕਟਸ ਉਪਲਬਧ ਹੁੰਦੇ ਹਨ, ਜੋ ਵਾਲਾਂ ਲਈ ਨੁਕਸਾਨਦੇਹ ਹੋ ਸਕਦੇ ਹਨ।
ਸੰਤੁਲਿਤ ਖੁਰਾਕ:ਵਾਲਾਂ ਨੂੰ ਸਿਹਤਮੰਦ ਅਤੇ ਸੰਘਣੇ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਸੰਤੁਲਿਤ ਖੁਰਾਕ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰੋ। ਤੁਸੀਂ ਜੋ ਵੀ ਭੋਜਨ ਖਾ ਰਹੇ ਹੋ, ਉਸ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ, ਵਿਟਾਮਿਨ ਨਾਲ ਭਰਪੂਰ ਭੋਜਨ ਖਾਓ। ਇਸ ਨਾਲ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ। ਵਾਲਾਂ ਦੇ ਟਿਸ਼ੂ ਦੇ ਵਾਧੇ ਅਤੇ ਮਜ਼ਬੂਤੀ ਲਈ ਆਇਰਨ ਅਤੇ ਜ਼ਿੰਕ ਨਾਲ ਭਰਪੂਰ ਭੋਜਨ ਦਾ ਨਿਯਮਤ ਸੇਵਨ ਕਰਨਾ ਵੀ ਜ਼ਰੂਰੀ ਹੈ।
ਸਿਰ ਦੀ ਮਸਾਜ ਕਰੋ: ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਸਿਰ ਦੀ ਮਾਲਿਸ਼ ਵੀ ਜ਼ਰੂਰੀ ਹੈ। ਇਸ ਨਾਲ ਵਾਲਾਂ ਦੇ ਰੋਮ ਵਿੱਚ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ। ਮਾਲਿਸ਼ ਕਰਨ ਨਾਲ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸ ਲਈ ਦਿਨ 'ਚ ਘੱਟ ਤੋਂ ਘੱਟ ਚਾਰ ਮਿੰਟ ਤੱਕ ਸਿਰ ਦੀ ਗਰਮ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਜੇਕਰ ਸੰਭਵ ਨਹੀਂ ਹੈ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਕੰਘੀ ਕਰੋ।
ਐਲੋਵੇਰਾ: ਐਲੋਵੇਰਾ ਨੂੰ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਐਲੋਵੇਰਾ ਅੱਜਕੱਲ੍ਹ ਹਰ ਘਰ ਵਿੱਚ ਪਾਇਆ ਜਾਂਦਾ ਹੈ। ਇਹ ਕਈ ਤਰ੍ਹਾਂ ਦੀਆਂ ਸੱਟਾਂ, ਇਨਫੈਕਸ਼ਨਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਰਾਮਬਾਣ ਹੈ। ਇਸ ਤੋਂ ਇਲਾਵਾ, ਐਲੋਵੇਰਾ ਨੂੰ ਵਾਲਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਕੁਦਰਤੀ ਨਮੀ ਦੇਣ ਵਾਲੇ ਗੁਣ ਸੁੱਕੇ ਅਤੇ ਭੁਰਭੁਰੇ ਵਾਲਾਂ ਕਾਰਨ ਹੋਣ ਵਾਲੀ ਖੁਜਲੀ ਅਤੇ ਜਲਣ ਤੋਂ ਰਾਹਤ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਇਸ ਦੀ ਨਮੀ ਤੁਹਾਡੀ ਪੂਰੀ ਖੋਪੜੀ ਲਈ ਕੁਦਰਤੀ ਕੰਡੀਸ਼ਨਰ ਵਜੋਂ ਕੰਮ ਕਰਦੀ ਹੈ। ਇਸ ਨਾਲ ਵਾਲ ਬਹੁਤ ਸੁੰਦਰ ਅਤੇ ਸਿਹਤਮੰਦ ਹੋਣਗੇ।
ਗ੍ਰੀਨ-ਟੀ: ਗ੍ਰੀਨ ਟੀ ਪੇਟ ਦੀ ਗੰਦਗੀ ਨੂੰ ਸਾਫ਼ ਕਰਨ 'ਚ ਹੀ ਨਹੀਂ, ਸਗੋ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਵੀ ਮਦਦਗਾਰ ਹੈ। ਇਸ ਨਾਲ ਵਾਲਾਂ ਦੇ ਰੋਮਾਂ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ। ਗ੍ਰੀਨ-ਟੀ ਵਿੱਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਵਾਲਾਂ ਦੇ ਰੋਮਾਂ ਨੂੰ ਖੋਲ੍ਹਦੇ ਹਨ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਂਦੇ ਹਨ। ਇਸ ਦੇ ਨਾਲ ਹੀ, ਇਸ 'ਚ ਮੌਜੂਦ ਕੈਟਚਿਨ ਹਾਰਮੋਨ ਡਾਈਹਾਈਡ੍ਰੋਟੇਸਟੋਸਟੇਰੋਨ ਨੂੰ ਰੋਕਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਹਫਤੇ 'ਚ ਘੱਟੋ-ਘੱਟ ਇੱਕ ਵਾਰ ਗ੍ਰੀਨ-ਟੀ ਸਿਰ 'ਤੇ ਪਾ ਕੇ ਨਹਾਉਣ ਨਾਲ ਤੁਹਾਡੇ ਵਾਲਾਂ ਨੂੰ ਲਾਭ ਮਿਲ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।