ਲੁਧਿਆਣਾ: ਸਾਲ 1999 ਤੋਂ ਵਿਸ਼ਵ ਹਾਰਟ ਫੈਡਰੇਸ਼ਨ ਦੇ ਵੱਲੋਂ ਹਾਰਟ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਹਾਲਾਂਕਿ ਸਾਲ 2011 ਦੇ ਵਿੱਚ 29 ਸਤੰਬਰ ਦਾ ਦਿਨ ਤੈਅ ਕੀਤਾ ਗਿਆ, ਜਿਸ ਦਿਨ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਦੇ ਵਿੱਚ ਅੱਜ ਦਿਲ ਦੀਆਂ ਬਿਮਾਰੀਆਂ ਤੋਂ ਲੋਕ ਵੱਡੀ ਗਿਣਤੀ ਵਿੱਚ ਪੀੜਤ ਹਨ। ਵਿਸ਼ਵ ਸਿਹਤ ਸੰਗਠਨ ਦੇ ਡਾਟੇ ਮੁਤਾਬਕ ਸਲਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਮੌਤਾਂ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੀਆਂ ਹਨ, ਇਸ ਕਰਕੇ ਆਪਣੇ ਸਰੀਰ ਦੇ ਨਾਲ ਆਪਣੇ ਅੰਦਰੂਨੀ ਔਰਗਨ ਦਾ ਵੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ, ਜਿਸ ਵਿੱਚ ਦਿਲ ਅਹਿਮ ਭੂਮਿਕਾ ਅਦਾ ਕਰਦਾ ਹੈ।
ਜੇਕਰ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ। ਉਸ ਦੀ ਰਕਤ ਨੂੰ ਪੰਪ ਕਰਨ ਦੀ ਸਮਰੱਥਾ ਚੰਗੀ ਹੋਵੇ ਤਾਂ ਇਨਸਾਨ ਕਈ ਬਿਮਾਰੀਆਂ ਤੋਂ ਬਚ ਸਕਦਾ। ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਚਿੰਤਾ, ਸਰਵਾਈਕਲ ਆਦਿ ਹੀ ਅਜਿਹੀਆਂ ਬਿਮਾਰੀਆਂ ਹਨ, ਜੋ ਕਿ ਸਿੱਧਾ ਦਿਲ ਦੇ ਨਾਲ ਜੁੜੀਆਂ ਹੋਈਆਂ ਹਨ।
ਹੁਣ ਹਾਰਟ ਦਿਵਸ ਉਤੇ ਵਿਸ਼ੇਸ਼ ਤੌਰ ਸਾਡੇ ਨਾਲ ਦਿਲ ਦੇ ਰੋਗਾਂ ਦੀ ਮਾਹਰ ਡਾਕਟਰ ਸਵਾਤੀ ਖੁਰਾਨਾ ਨੇ ਵਿਸ਼ੇਸ਼ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿ ਅਸੀਂ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਸਕਦੇ ਹਨ, ਜਿਸ ਵਿੱਚ ਚੰਗੇ ਖੁਰਾਕ ਇੱਕ ਵੱਡਾ ਰੋਲ ਅਦਾ ਕਰਦੀ ਹੈ, ਇਸ ਤੋਂ ਇਲਾਵਾ ਸਟਰੈੱਸ ਸਭ ਤੋਂ ਵੱਡੀ ਦਿਲ ਦੀ ਬਿਮਾਰੀ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਖਾਣ ਯੋਗ ਤੇਲ ਇਸਤੇਮਾਲ ਕਰਦੇ ਹਨ ਪਰ ਜੇਕਰ ਅਸੀਂ ਉਸ ਦੀ ਸੀਮਿਤ ਮਾਤਰਾ ਦੇ ਵਿੱਚ ਇਸਤੇਮਾਲ ਕਰੀਏ ਤਾਂ ਅਸੀਂ ਆਪਣੀ ਦਿਲ ਦੀ ਜ਼ਿੰਦਗੀ ਨੂੰ ਹੋਰ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਤੇਲ ਇੱਕ ਵਾਰੀ ਹੀ ਫਰਾਈ ਕਰਨਾ ਚਾਹੀਦਾ ਹੈ ਪਰ ਭਾਰਤ ਦੇ ਵਿੱਚ ਵਾਰ-ਵਾਰ ਤੇਲ ਦਾ ਇਸਤੇਮਾਲ ਕੀਤਾ ਜਾਂਦਾ, ਇਸ ਕਰਕੇ ਸਾਨੂੰ ਸਭ ਨੂੰ ਸੀਮਿਤ ਮਾਤਰਾ ਦੇ ਵਿੱਚ ਹੀ ਇਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਤੇਲ ਕੋਈ ਵੀ ਹੋਵੇ ਭਾਵੇਂ ਸਰੋਂ ਦਾ ਤੇਲ ਹੋਵੇ ਭਾਵੇਂ ਰਿਫਾਈਨਡ ਆਇਲ ਹੋਵੇ ਜਾਂ ਫਿਰ ਦੇਸੀ ਘਿਓ ਹੀ ਕਿਉਂ ਨਾ ਹੋਵੇ ਜੇਕਰ ਕਿਸੇ ਦੀ ਵੀ ਲੋੜ ਨਾਲੋਂ ਜਿਆਦਾ ਮਾਤਰਾ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਸਾਡੇ ਸਰੀਰ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ ਅਤੇ ਇਸ ਨਾਲ ਹਾਈ ਕੋਲੈਸਟਰੋਲ ਵੱਧਦਾ ਹੈ। ਜੋ ਕਿ ਅੱਗੇ ਜਾ ਕੇ ਦਿਲ ਦਾ ਦੌਰਾ ਪੈਣ ਵਰਗੀਆਂ ਬਿਮਾਰੀਆਂ ਆਦਿ ਦਾ ਕਾਰਨ ਬਣਦਾ ਹੈ।