ਚੰਡੀਗੜ੍ਹ:ਸਾਲ 2022 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਸੌਂਕਣ ਸੌਂਕਣੇ' ਦੇ ਸੀਕਵਲ 'ਸੌਂਕਣ ਸੌਂਕਣੇ 2' ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਨੂੰ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ।
'ਡਰਾਮੀਯਾਤਾ ਇੰਟਰਟੇਨਮੈਂਟ' ਅਤੇ 'ਨਾਦ ਸਟੂਡਿਓਜ਼' ਵੱਲੋਂ ਸੰਯੁਕਤ ਰੂਪ ਵਿੱਚ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਕੀਤਾ ਜਾ ਰਿਹਾ, ਜਿੰਨ੍ਹਾਂ ਦੁਆਰਾ ਬਿੱਗ ਸੈਟਅੱਪ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅੰਬਰਦੀਪ ਸਿੰਘ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਦੇ ਤੌਰ ਉਤੇ ਜਿੰਮੇਵਾਰੀ ਨਵਨੀਤ ਮਿਸਰ ਸੰਭਾਲਣਗੇ।
ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਇਸ ਫਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਤਿੱਕੜੀ ਇੱਕ ਵਾਰ ਫਿਰ ਧਮਾਲ ਮਚਾਉਂਦੀ ਨਜ਼ਰੀ ਆਵੇਗੀ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਮੰਝੇ ਹੋਏ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਇਸ ਦਿਲਚਸਪ ਫਿਲਮ ਦੁਆਰਾ ਸਮੀਪ ਕੰਗ ਪਹਿਲੀ ਵਾਰ ਬਤੌਰ ਨਿਰਦੇਸ਼ਕ ਆਪਣੀ ਮੌਜੂਦਗੀ ਦਰਜ ਕਰਵਾਉਣਗੇ, ਜਦਕਿ ਇਸ ਤੋਂ ਪਹਿਲਾਂ ਆਈ 'ਸੌਂਕਣ ਸੌਂਕਣੇ' ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਵੱਲੋਂ ਕੀਤਾ ਗਿਆ ਸੀ, ਜੋ ਇਸ ਵਾਰ ਫਿਲਮ ਦਾ ਹਿੱਸਾ ਨਹੀਂ ਹੋਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ 'ਜੱਟ ਨੂੰ ਚੂੜੇਲ ਟੱਕਰੀ' ਜਿਹੀ ਸੁਪਰ ਹਿੱਟ ਫਿਲਮ ਦਾ ਨਿਰਮਾਣ ਕਰ ਚੁੱਕੇ ਰਵੀ ਦੂਬੇ ਅਤੇ ਸਰਗੁਣ ਮਹਿਤਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਹੈ ਇਸ ਨਵੀਂ ਫਿਲਮ ਨੂੰ ਵੀ ਬਿੱਗ ਕੈਨਵਸ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਐਮੀ ਵਿਰਕ, ਨਿਮਰਤ ਖਹਿਰਾ ਦੀਆਂ ਸੁਰੀਲੀਆਂ ਆਵਾਜ਼ਾਂ ਨਾਲ ਸਜਿਆ ਗੀਤ-ਸੰਗੀਤ ਪੱਖ ਵੀ ਇਸ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਓਧਰ ਇਸ ਫਿਲਮ ਨਾਲ ਜੁੜੇ ਕੁਝ ਅਹਿਮ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਇਕੱਠਿਆਂ ਇਹ ਚੌਥੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਕਿਸਮਤ', 'ਕਿਸਮਤ 2' ਅਤੇ 'ਸੌਂਕਣ ਸੌਂਕਣੇ' ਦਾ ਵੀ ਲੀਡ ਜੋੜੀ ਵਜੋਂ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਸਮੀਪ ਕੰਗ ਨਾਲ ਸਰਗੁਣ ਮਹਿਤਾ ਦੀ ਇਹ ਦੂਜੀ ਫਿਲਮ ਹੋਵੇਗੀ, ਜੋ ਇੰਨੀਂ ਦਿਨੀਂ ਇੱਕ ਹੋਰ ਫਿਲਮ 'ਕੈਰੀ ਆਨ ਜੱਟੀਏ' ਵੀ ਕਰ ਰਹੇ ਹਨ, ਜਿਸ ਦਾ ਨਿਰਮਾਣ ਗਿੱਪੀ ਗਰੇਵਾਲ ਵੱਲੋਂ ਕੀਤਾ ਜਾ ਰਿਹਾ ਹੈ।