ਤੇਲੰਗਾਨਾ/ਹੈਦਰਾਬਾਦ: ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਇਬਰਾਹਿਮਪਟਨਮ ਮੰਡਲ ਵਿੱਚ ਆਨਰ ਕਿਲਿੰਗ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ ਮਹਿਲਾ ਕਾਂਸਟੇਬਲ ਦਾ ਉਸ ਦੇ ਛੋਟੇ ਭਰਾ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਰਾਏਪੋਲੂ ਅਤੇ ਐਂਡਲਾਗੁਡਾ ਵਿਚਕਾਰ ਸੜਕ 'ਤੇ ਉਸ ਸਮੇਂ ਵਾਪਰੀ ਜਦੋਂ ਮਹਿਲਾ ਕਾਂਸਟੇਬਲ ਡਿਊਟੀ 'ਤੇ ਜਾ ਰਹੀ ਸੀ।
ਹਯਾਤਨਗਰ ਪੁਲਿਸ ਸਟੇਸ਼ਨ 'ਚ ਤਾਇਨਾਤ ਸਰਕਲ ਇੰਸਪੈਕਟਰ (ਸੀ.ਆਈ.) ਸਤਿਆਨਾਰਾਇਣ ਮੁਤਾਬਿਕ ਔਰਤ ਨੇ ਹਾਲ ਹੀ 'ਚ ਅੰਤਰਜਾਤੀ ਵਿਆਹ ਕਰਵਾਇਆ ਸੀ, ਜਿਸ ਕਾਰਨ ਉਸ ਦਾ ਪਰਿਵਾਰ ਨਾਰਾਜ਼ ਸੀ। ਉਸ ਨੇ 10 ਮਹੀਨੇ ਪਹਿਲਾਂ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਲਿਆ ਸੀ ਅਤੇ ਫਿਰ ਆਪਣੇ ਪ੍ਰੇਮੀ ਸ਼੍ਰੀਕਾਂਤ ਨਾਲ ਵਿਆਹ ਕਰਵਾ ਲਿਆ ਸੀ। ਸੋਮਵਾਰ ਸਵੇਰੇ ਜਦੋਂ ਔਰਤ ਆਪਣੇ ਜੱਦੀ ਪਿੰਡ ਰਾਏਪੋਲੂ ਤੋਂ ਵਾਪਸ ਆ ਰਹੀ ਸੀ ਤਾਂ ਉਸ ਦੇ ਭਰਾ ਨੇ ਉਸ ਦਾ ਪਿੱਛਾ ਕੀਤਾ ਅਤੇ ਆਪਣੀ ਕਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ ਉਸ ਨੇ ਔਰਤ 'ਤੇ ਚਾਕੂ ਨਾਲ ਹਮਲਾ ਵੀ ਕੀਤਾ। ਜਾਣਕਾਰੀ ਮੁਤਾਬਿਕ ਪੀੜਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
8 ਸਾਲ ਪੁਰਾਣੀ ਪ੍ਰੇਮ ਕਹਾਣੀ ਦਾ ਦੁਖਦ ਅੰਤ
ਮ੍ਰਿਤਕ ਔਰਤ ਦੇ ਪਤੀ ਸ਼੍ਰੀਕਾਂਤ ਨੇ ਦੱਸਿਆ ਕਿ ਉਹ 8 ਸਾਲਾਂ ਤੋਂ ਇੱਕ ਦੂਜੇ ਦੇ ਪ੍ਰੇਮ ਵਿੱਚ ਸਨ ਅਤੇ ਉਨ੍ਹਾਂ ਦਾ ਵਿਆਹ ਯਾਦਗਿਰੀਗੁਟਾ ਮੰਦਰ ਵਿੱਚ ਹੋਇਆ ਸੀ। ਸ੍ਰੀਕਾਂਤ ਨੇ ਦੱਸਿਆ ਕਿ ਉਸ ਨੇ ਕਾਂਸਟੇਬਲ ਬਣਨ ਵਿਚ ਔਰਤ ਦੀ ਮਦਦ ਕੀਤੀ ਸੀ।