ਜੰਮੂ: ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਫਾਇਰਿੰਗ ਹੋਈ। ਮੁਕਾਬਲੇ 'ਚ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਜ਼ਖ਼ਮੀ ਹੋ ਗਏ। ਜ਼ਖਮੀਆਂ 'ਚੋਂ ਇੱਕ ਨੂੰ ਇਲਾਜ ਲਈ ਨੇੜਲੇ ਕਮਾਂਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਵ੍ਹਾਈਟ ਨਾਈਟ ਕੋਰ ਨੇ ਫੌਜੀਆਂ ਦੀਆਂ ਫੋਟੋਆਂ ਦੇ ਨਾਲ ਐਕਸ 'ਤੇ ਖਬਰ ਦੀ ਪੁਸ਼ਟੀ ਕੀਤੀ ਹੈ।
ਤਲਾਸ਼ੀ ਮੁਹਿੰਮ ਤੇਜ਼
ਇਲਾਕੇ 'ਚ ਚਾਰ ਅੱਤਵਾਦੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਸੁਰੱਖਿਆ ਬਲਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸ਼ਤਵਾੜ ਡੋਡਾ ਖੇਤਰ ਦਾ ਗੁਆਂਢੀ ਜ਼ਿਲ੍ਹਾ ਹੈ, ਜਿੱਥੇ ਪ੍ਰਧਾਨ ਮੰਤਰੀ ਕੱਲ੍ਹ (ਸ਼ਨੀਵਾਰ) ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਮੁਕਾਬਲੇ ਬਾਰੇ ਏਡੀਜੀਪੀ ਜੰਮੂ ਆਨੰਦ ਜੈਨ ਨੇ ਕਿਹਾ ਕਿ ਪੁਲਿਸ ਸਟੇਸ਼ਨ ਚਤਰੂ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਨਈਦਘਾਮ ਪਿੰਡ ਦੇ ਉਪਰਲੇ ਹਿੱਸੇ ਵਿੱਚ ਪਿੰਗਲ ਦੁਗੱਡਾ ਜੰਗਲੀ ਖੇਤਰ ਵਿੱਚ ਸੁਰੱਖਿਆ ਬਲਾਂ ਦੀਆਂ ਖੋਜ ਟੀਮਾਂ ਅਤੇ ਲੁਕੇ ਹੋਏ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ। ਜ਼ਿਲ੍ਹਾ ਕਿਸ਼ਤਵਾੜ ਤੋਂ ਹੋਰ ਜਾਣਕਾਰੀ ਦੀ ਉਡੀਕ ਹੈ।
ਜਵਾਬੀ ਕਾਰਵਾਈ
ਸੂਤਰਾਂ ਅਨੁਸਾਰ ਇਹ ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਜੰਮੂ-ਕਸ਼ਮੀਰ ਪੁਲਿਸ ਨੇ ਫ਼ੌਜ ਦੇ ਨਾਲ ਮਿਲ ਕੇ ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇਲਾਕੇ 'ਚ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਰਿਪੋਰਟ ਮੁਤਾਬਕ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਘੱਟੋ-ਘੱਟ 4 ਅੱਤਵਾਦੀ ਕਿਸ਼ਤਵਾੜ ਦੇ ਚਤਰੋ ਇਲਾਕੇ 'ਚ ਫਸੇ ਹੋਏ ਹਨ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਮੁੱਠਭੇੜ ਵਾਲੇ ਇਲਾਕੇ ਦੇ ਆਸਪਾਸ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਫੌਜ ਦੇ ਨਾਲ ਮਿਲ ਕੇ ਅੱਤਵਾਦੀਆਂ ਨੂੰ ਬੇਅਸਰ ਕਰਨ ਲਈ ਇਲਾਕੇ ਨੂੰ ਘੇਰ ਲਿਆ ਹੈ।