ਨਾਗਰਕੁਰਨੂਲ: ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਉਸਾਰੀ ਅਧੀਨ SLBC ਸੁਰੰਗ ਢਹਿਣ ਕਾਰਨ ਫਸੇ ਇੰਜੀਨੀਅਰਾਂ ਅਤੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਭਾਰਤੀ ਸੈਨਾ, ਜਲ ਸੈਨਾ, ਐਨਡੀਆਰਐਫ ਅਤੇ ਹੋਰ ਸੁਰੰਗ ਮਾਹਿਰ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। SLBC ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਅੱਠ ਲੋਕ ਪਿਛਲੇ 30 ਘੰਟਿਆਂ ਤੋਂ ਅੰਦਰ ਫਸੇ ਹੋਏ ਹਨ। ਫੌਜ ਦੇ ਮੈਡੀਕਲ ਅਫਸਰ ਸੂਰਿਆ ਕਿਰਨ ਨੇ ਮੀਡੀਆ ਨੂੰ ਦੱਸਿਆ ਕਿ "ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਕੁੱਲ ਤਿੰਨ ਟੀਮਾਂ ਹਨ ਜੋ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਤਿਆਰ ਹਨ। ਪਹਿਲੀ ਟੀਮ ਹੁਣੇ ਹੀ ਰਵਾਨਾ ਹੋਈ ਹੈ। ਉਸ ਦੀ ਵਾਪਸੀ ਤੋਂ ਬਾਅਦ ਸਥਿਤੀ ਦਾ ਪਤਾ ਲੱਗੇਗਾ। ਅਸੀਂ ਸਾਰੇ ਉਪਕਰਨਾਂ ਅਤੇ ਦਵਾਈਆਂ ਨਾਲ ਤਿਆਰ ਹਾਂ।"
ਬਚਾਅ ਟੀਮ ਫਸੇ ਲੋਕਾਂ ਤੱਕ ਪਹੁੰਚੀ
ਮੀਡੀਆ ਰਿਪੋਰਟਾਂ ਮੁਤਾਬਕ ਬਚਾਅ ਦਲ ਸੁਰੰਗ ਦੇ ਅੰਦਰ ਤੱਕ ਪਹੁੰਚ ਗਏ ਹਨ। ਸੂਤਰਾਂ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਟੀਮ ਨੇ ਫਸੇ ਲੋਕਾਂ ਦੇ ਨਾਂ ਪੁਕਾਰੇ, ਪਰ ਕੋਈ ਜਵਾਬ ਨਹੀਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਸੁਰੰਗ ਦੇ ਅੰਦਰ 13 ਕਿਲੋਮੀਟਰ ਤੱਕ ਪਹੁੰਚ ਗਏ ਹਨ। ਰਿਪੋਰਟ ਮੁਤਾਬਕ, "ਬਚਾਅਕਰਤਾਵਾਂ ਨੂੰ ਲੋਹੇ, ਮਿੱਟੀ ਅਤੇ ਸੀਮਿੰਟ ਦੇ ਬਲਾਕਾਂ ਨਾਲ ਭਰਿਆ ਮਲਬਾ ਹਟਾਉਣਾ ਪਿਆ। ਬਚਾਅ ਟੀਮਾਂ 13 ਕਿਲੋਮੀਟਰ ਤੱਕ ਪਹੁੰਚਣ ਵਿੱਚ ਕਾਮਯਾਬ ਰਹੀਆਂ। ਉਹ ਉਸ ਥਾਂ 'ਤੇ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ ਜਿੱਥੇ ਟਨਲ ਬੋਰਿੰਗ ਮਸ਼ੀਨ ਆਖਰੀ ਵਾਰ ਸ਼ਨੀਵਾਰ ਨੂੰ ਰੱਖੀ ਗਈ ਸੀ।"
ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਬਚਾਅ ਦਲ ਲਗਭਗ ਆਖਰੀ ਬਿੰਦੂ (ਮਸ਼ੀਨ ਤੱਕ) 'ਤੇ ਪਹੁੰਚ ਗਿਆ ਹੈ। ਅਸੀਂ ਸਥਿਤੀ ਦਾ ਮੁਲਾਂਕਣ ਕਰ ਰਹੇ ਹਾਂ।ਸੁਰੰਗ ਦੇ ਅੰਦਰ ਫਸੇ ਅੱਠ ਵਿਅਕਤੀਆਂ ਵਿੱਚੋਂ ਛੇ ‘ਜੈਪ੍ਰਕਾਸ਼ ਐਸੋਸੀਏਟਸ’ ਦੇ ਮੁਲਾਜ਼ਮ ਹਨ, ਦੋ ਇੰਜਨੀਅਰ ਅਤੇ ਚਾਰ ਮਜ਼ਦੂਰ ਹਨ। ਦੋ ਆਪਰੇਟਰ ਇੱਕ ਅਮਰੀਕੀ ਕੰਪਨੀ ਦੇ ਕਰਮਚਾਰੀ ਹਨ।