ਮੁੰਬਈ:ਫਿਲਮ ਅਦਾਕਾਰ ਸੈਫ ਅਲੀ ਖਾਨ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਆਖਿਰਕਾਰ ਮੁੰਬਈ ਕ੍ਰਾਈਮ ਬ੍ਰਾਂਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਇਹ ਅਪਰਾਧ ਕਿਉਂ ਕੀਤਾ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸੈਫ ਅਲੀ ਖਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਪੁਲਸ ਨੇ ਮੁੱਖ ਮੁਲਜ਼ਮ ਨੂੰ ਹੀਰਾਨੰਦਾਨੀ ਅਸਟੇਟ, ਠਾਣੇ ਤੋਂ ਗ੍ਰਿਫਤਾਰ ਕੀਤਾ ਹੈ। ਹਮਲਾਵਰ ਦਾ ਨਾਂ ਵਿਜੇ ਦਾਸ ਦੱਸਿਆ ਜਾ ਰਿਹਾ ਹੈ। ਉਹ ਇੱਕ ਰੈਸਟੋਰੈਂਟ ਵਿੱਚ ਵੇਟਰ ਦਾ ਕੰਮ ਕਰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ।
ਪੁਲਿਸ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਸਕਦੀ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰਕੇ ਘਟਨਾ ਦਾ ਭੇਤ ਸੁਲਝਾਉਣ ਦੀ ਕੋਸ਼ਿਸ਼ ਕਰੇਗੀ। ਅਜਿਹੇ ਕਈ ਵੱਡੇ ਸਵਾਲ ਹਨ, ਜਿਨ੍ਹਾਂ ਨੂੰ ਜਾਨਣਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ। ਫਿਲਹਾਲ ਮੁੰਬਈ ਕ੍ਰਾਈਮ ਬ੍ਰਾਂਚ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਘਟਨਾ ਦੀ ਕੜੀ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਮੁਲਜ਼ਮ ਨੇ ਇਸ ਸਾਰੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਜਦੋਂ ਕਿ ਫਿਲਮੀ ਕਲਾਕਾਰਾਂ ਦੇ ਘਰਾਂ 'ਤੇ ਸੁਰੱਖਿਆ ਬਹੁਤ ਸਖ਼ਤ ਹੁੰਦੀ ਹੈ। ਅਦਾਕਾਰ ਦੇ ਆਪਣੇ ਬਾਊਂਸਰ ਹਨ ਤਾਂ ਉਹ ਵੱਡੇ ਐਕਟਰ ਦੇ ਬੈੱਡਰੂਮ ਤੱਕ ਕਿਵੇਂ ਪਹੁੰਚ ਸਕਦਾ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ ਵਿਚ ਹੋਰ ਕੌਣ-ਕੌਣ ਸ਼ਾਮਲ ਹੈ। ਹਮਲੇ ਪਿੱਛੇ ਉਸ ਦਾ ਕੀ ਇਰਾਦਾ ਸੀ। ਉਹ ਕਿੰਨੇ ਸਮੇਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੀ ਪੜਚੋਲ ਕਰਨ ਦੀ ਲੋੜ ਹੈ।
ਦੱਸ ਦੇਈਏ ਕਿ ਸੈਫ ਅਲੀ ਖਾਨ 'ਤੇ ਮੁੰਬਈ ਦੇ ਬਾਂਦਰਾ ਸਥਿਤ ਘਰ 'ਚ ਦਾਖਲ ਹੋ ਕੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ ਸੈਫ 6 ਥਾਵਾਂ 'ਤੇ ਜ਼ਖਮੀ ਹੋ ਗਏ ਸੀ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਸੌਂ ਰਹੇ ਸੀ। ਰਾਤ ਕਰੀਬ 2.30 ਵਜੇ ਉਨ੍ਹਾਂ 'ਤੇ ਹਮਲਾ ਹੋਇਆ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਸੈਫ ਅਲੀ ਖਾਨ ਖੁਦ ਕਿਸੇ ਤਰ੍ਹਾਂ ਆਟੋ ਰਾਹੀਂ ਜ਼ਖਮੀ ਹਾਲਤ 'ਚ ਮੁੰਬਈ ਦੇ ਮਸ਼ਹੂਰ ਲੀਲਾਵਤੀ ਹਸਪਤਾਲ ਪਹੁੰਚੇ ਸਨ।