ਨਵੀਂ ਦਿੱਲੀ:ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 71 ਮੰਤਰੀਆਂ ਨੇ ਵੀ ਸਹੁੰ ਚੁੱਕੀ। ਪੀਐਮ ਮੋਦੀ ਦੀ ਸਰਕਾਰ ਵਿੱਚ ਇਸ ਵਾਰ ਜਾਤੀ ਸਮੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰੀ ਮੰਡਲ ਦੀ ਵੰਡ ਕੀਤੀ ਗਈ ਹੈ।
ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਟੀਮ 'ਚ 30 ਕੈਬਨਿਟ ਮੰਤਰੀ, 5 ਆਜ਼ਾਦ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਸਾਰੇ ਮੰਤਰੀ 24 ਰਾਜਾਂ ਦੇ ਨਾਲ-ਨਾਲ ਦੇਸ਼ ਦੇ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰ ਰਹੇ ਹਨ। ਪੀਐਮ ਮੋਦੀ ਦੀ ਇਸ ਨਵੀਂ ਕੈਬਨਿਟ ਵਿੱਚ 21 ਉੱਚ ਜਾਤੀ, 27 ਓਬੀਸੀ, 10 ਐਸਸੀ, 5 ਐਸਟੀ, 5 ਘੱਟ ਗਿਣਤੀ ਮੰਤਰੀ ਸ਼ਾਮਿਲ ਹਨ। ਇਸ ਵਿੱਚ 18 ਸੀਨੀਅਰ ਮੰਤਰੀ ਵੀ ਸ਼ਾਮਿਲ ਹਨ।
ਪੀਐਮ ਮੋਦੀ ਦੀ ਇਸ ਨਵੀਂ ਕੈਬਨਿਟ ਵਿੱਚ ਐਨਡੀਏ ਸਹਿਯੋਗੀ ਦਲਾਂ ਦੇ 11 ਮੰਤਰੀ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 43 ਅਜਿਹੇ ਸੰਸਦ ਮੈਂਬਰ ਮੰਤਰੀ ਬਣੇ ਹਨ, ਜਿਨ੍ਹਾਂ ਨੇ 3 ਜਾਂ ਇਸ ਤੋਂ ਵੱਧ ਵਾਰ ਸੰਸਦ ਵਿੱਚ ਸੇਵਾ ਕੀਤੀ ਹੈ। ਇਸ ਦੇ ਨਾਲ ਹੀ 39 ਅਜਿਹੇ ਮੰਤਰੀ ਬਣਾਏ ਗਏ ਹਨ, ਜੋ ਭਾਰਤ ਸਰਕਾਰ ਵਿੱਚ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ।
ਪੀਐਮ ਮੋਦੀ ਦੀ ਇਸ ਕੈਬਨਿਟ ਵਿੱਚ ਕਈ ਸਾਬਕਾ ਮੁੱਖ ਮੰਤਰੀਆਂ, 34 ਵਿਧਾਨ ਸਭਾਵਾਂ ਵਿੱਚ ਸੇਵਾ ਨਿਭਾਅ ਚੁੱਕੇ ਮੈਂਬਰਾਂ ਅਤੇ 23 ਰਾਜਾਂ ਵਿੱਚ ਮੰਤਰੀ ਵਜੋਂ ਕੰਮ ਕਰਨ ਵਾਲੇ ਮੈਂਬਰਾਂ ਨੂੰ ਵੀ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਥਾਂ ਦਿੱਤੀ ਗਈ ਹੈ।