ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸੰਸਦ 'ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਸੰਵਿਧਾਨ ਦੀ ਕਾਪੀ ਦਿਖਾਈ ਦਿੱਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਜੈ ਹਿੰਦ, ਜੈ ਸੰਵਿਧਾਨ ਦੇ ਨਾਅਰੇ ਲਾਏ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕੁਰਸੀ ਦੇ ਪਿੱਛੇ ਖੜ੍ਹੇ ਮਾਰਸ਼ਲ ਨਾਲ ਹੱਥ ਵੀ ਮਿਲਾਇਆ। ਇਸ ਦੇ ਨਾਲ ਹੀ ਕਨੌਜ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਵੀ ਹੱਥ 'ਚ ਸੰਵਿਧਾਨ ਦੀ ਕਾਪੀ ਲੈ ਕੇ ਸਹੁੰ ਚੁੱਕਣ ਪਹੁੰਚੇ।
ਸਹੁੰ ਚੁੱਕਣ ਤੋਂ ਬਾਅਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ, 'ਸੰਵਿਧਾਨ ਦੀ ਰੱਖਿਆ ਕਰਨਾ ਹਰ ਦੇਸ਼ ਭਗਤ ਭਾਰਤੀ ਦਾ ਫਰਜ਼ ਹੈ, ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ।'
ਸਹੁੰ ਚੁੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਕਿਹਾ, 'ਮੈਂ, ਰਾਹੁਲ ਗਾਂਧੀ, ਲੋਕ ਸਭਾ ਦਾ ਮੈਂਬਰ ਚੁਣੇ ਜਾਣ 'ਤੇ, ਇਹ ਵਾਅਦਾ ਕਰਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਾਂਗਾ, ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ। ਮੈਂ ਜੋ ਵੀ ਜ਼ਿੰਮੇਵਾਰੀ ਸੰਭਾਲਣ ਜਾ ਰਿਹਾ ਹਾਂ, ਮੈਂ ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ।'