ਮੁੰਬਈ:ਮੋਸਟ ਵਾਂਟੇਡ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਮੁੰਬਈ ਲਿਆਂਦਾ ਗਿਆ ਹੈ। ਦੱਸ ਦੇਈਏ ਕਿ ਪ੍ਰਸਾਦ ਪੁਜਾਰੀ ਲਗਭਗ 20 ਸਾਲਾਂ ਤੋਂ ਭਗੌੜਾ ਸੀ ਅਤੇ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਉਸ ਨੂੰ ਸ਼ਨੀਵਾਰ ਸਵੇਰੇ ਚੀਨ ਤੋਂ ਭਾਰਤ ਲਿਆਂਦਾ ਗਿਆ। ਪਿਛਲੇ ਸਾਲ ਮੁੰਬਈ ਪੁਲਿਸ ਨੇ ਪ੍ਰਸਾਦ ਪੁਜਾਰੀ ਦੀ ਹਵਾਲਗੀ ਲਈ ਚੀਨ ਨਾਲ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਸੀ। ਕਾਗਜ਼ੀ ਕਾਰਵਾਈ ਦਾ ਨਤੀਜਾ ਹੈ ਕਿ ਗੈਂਗਸਟਰ ਪ੍ਰਸਾਦ ਪੁਜਾਰੀ ਭਾਰਤ ਵਿੱਚ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਉਸ ਖਿਲਾਫ ਇਕੱਲੇ ਮੁੰਬਈ 'ਚ 15 ਤੋਂ ਵੱਧ ਮਾਮਲੇ ਦਰਜ ਹਨ।
ਪੁਲਿਸ ਦੇ ਡਿਪਟੀ ਕਮਿਸ਼ਨਰ ਦੱਤਾ ਨਲਾਵੜੇ ਨੇ ਦੱਸਿਆ ਕਿ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਮੁੰਬਈ ਪੁਲਿਸ ਨੇ ਅੱਜ ਤੜਕੇ 2.00 ਵਜੇ ਤੋਂ 2.30 ਵਜੇ ਦਰਮਿਆਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ। ਪੁਲਿਸ ਨੇ ਦੱਸਿਆ ਕਿ ਪ੍ਰਸਾਦ ਪੁਜਾਰੀ ਖਿਲਾਫ ਆਖਰੀ ਮਾਮਲਾ ਸਾਲ 2020 'ਚ ਮੁੰਬਈ 'ਚ ਦਰਜ ਕੀਤਾ ਗਿਆ ਸੀ। ਆਪਣੀ ਸੁਰੱਖਿਆ ਲਈ ਪ੍ਰਸਾਦ ਪੁਜਾਰੀ ਨੇ ਚੀਨੀ ਔਰਤ ਨਾਲ ਵਿਆਹ ਕਰਵਾਇਆ ਹੈ, ਜਿਸ ਤੋਂ ਦੋਵਾਂ ਦਾ ਇੱਕ ਪੁੱਤਰ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਇਸੇ ਤਰ੍ਹਾਂ ਪ੍ਰਸਾਦ ਪੁਜਾਰੀ ਦੀ ਮਾਂ ਨੂੰ ਵੀ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 2020 'ਚ ਗ੍ਰਿਫਤਾਰ ਕੀਤਾ ਸੀ।