ਓਟਾਵਾ:ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦਰਮਿਆਨ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨਾਲ ਸਿੱਧੇ ਸਬੰਧਾਂ ਦਾ ਵੱਡਾ ਖੁਲਾਸਾ ਕੀਤਾ ਹੈ। 'ਸਿੱਖਸ ਫਾਰ ਜਸਟਿਸ' ਸੰਸਥਾ ਦੇ ਮੁਖੀ ਪੰਨੂ 'ਤੇ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ 'ਚ ਪਬੰਦੀ ਹੈ। ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਉਸ ਨੇ ਕੈਨੇਡਾ ਦੇ ਪੀਐਮਓ ਦਫ਼ਤਰ ਨੂੰ ਭਾਰਤ ਖ਼ਿਲਾਫ਼ ਜਾਣਕਾਰੀ ਦਿੱਤੀ, ਜਿਸ ’ਤੇ ਪੀਐਮ ਟਰੂਡੋ ਨੇ ਕਾਰਵਾਈ ਕੀਤੀ। ਇਸ ਸਬੰਧੀ ਟਰੂਡੋ ਨੇ ਵੱਡਾ ਬਿਆਨ ਦਿੱਤਾ ਹੈ।
ਕੈਨੇਡੀਅਨ ਬ੍ਰਾਡਕਾਸਟਿੰਗ ਨੈੱਟਵਰਕ ਸੀਬੀਸੀ ਨਿਊਜ਼ 'ਤੇ ਦਿੱਤੇ ਇੰਟਰਵਿਊ 'ਚ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉਹ ਪਿਛਲੇ 2-3 ਸਾਲਾਂ ਤੋਂ ਟਰੂਡੋ ਦੇ ਪੀਐੱਮਓ ਦੇ ਸੰਪਰਕ 'ਚ ਸਨ। ਪੰਨੂ ਨੇ ਦਾਅਵਾ ਕੀਤਾ ਕਿ ਉਸ ਨੇ ਭਾਰਤੀ ਡਿਪਲੋਮੈਟਾਂ ਅਤੇ ਜਾਸੂਸੀ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ ਸੀ ਜੋ ਕੈਨੇਡਾ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਜ਼ਿੰਮੇਵਾਰ ਸਨ। ਪੰਨੂ ਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ ਉਸ ਦੇ ਸਾਥੀਆਂ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਭਾਰਤੀ ਏਜੰਟਾਂ ਨੂੰ ਖੁਫੀਆ ਜਾਣਕਾਰੀ ਦੇਣ ਦਾ ਵੀ ਇਲਜ਼ਾਮ ਲਗਾਇਆ ਹੈ।
ਟਰੂਡੋ ਨੇ ਲਾਇਆ ਕਤਲ ਵਿੱਚ ਭਾਰਤ ਦੇ ਸ਼ਾਮਲ ਹੋਣ ਦਾ ਇਲਜ਼ਾਮ
ਪੰਨੂ ਦਾ ਇਹ ਕਬੂਲਨਾਮਾ ਪੀਐਮ ਟਰੂਡੋ ਦੇ ਹਾਲ ਹੀ ਵਿੱਚ ਦਿੱਤੇ ਬਿਆਨ ਨਾਲ ਮੇਲ ਖਾਂਦਾ ਹੈ, ਜਿਸ ਵਿੱਚ ਉਸ ਨੇ ਕੈਨੇਡਾ ਵਿੱਚ ਹਿੰਸਕ ਘਟਨਾਵਾਂ ਅਤੇ ਕਤਲਾਂ ਵਿੱਚ ਭਾਰਤ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ ਪਰ ਪੀਐਮ ਟਰੂਡੋ ਅਤੇ ਕੈਨੇਡੀਅਨ ਪੁਲਿਸ ਇਨ੍ਹਾਂ ਇਲਜ਼ਾਮਾਂ ਸਬੰਧੀ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਸੰਜੇ ਵਰਮਾ ਤੋਂ ਇਲਾਵਾ 14 ਅਕਤੂਬਰ 2024 ਨੂੰ ਕੈਨੇਡਾ ਤੋਂ ਕੁਝ ਹੋਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਕੈਨੇਡਾ ਵੱਲੋਂ ਵਰਮਾ ਅਤੇ ਹੋਰ ਭਾਰਤੀ ਡਿਪਲੋਮੈਟਾਂ ਨੂੰ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤ ਨੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਦੇਸ਼ 'ਚੋਂ ਕੱਢ ਦਿੱਤਾ ਹੈ। ਇੰਨਾ ਹੀ ਨਹੀਂ ਅੱਤਵਾਦੀ ਪੰਨੂ ਨੇ ਗੱਲਬਾਤ 'ਚ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਉਹ ਕੈਨੇਡਾ ਦੇ ਸੰਵਿਧਾਨ ਪ੍ਰਤੀ ਵਫ਼ਾਦਾਰ ਨਹੀਂ ਹਨ। ਪੰਨੂ ਨੇ ਕਿਹਾ ਕਿ ਭਾਰਤ ਨਾਲ ਜੁੜੇ ਲੋਕ ਕੈਨੇਡਾ ਦੇ ਸੰਵਿਧਾਨ ਪ੍ਰਤੀ ਵਫ਼ਾਦਾਰ ਨਹੀਂ ਹਨ। ਹਾਲਾਂਕਿ ਮੋਦੀ ਸਰਕਾਰ ਦਾ ਸਮਰਥਨ ਕਰਨ ਵਾਲੇ ਇੰਡੋ-ਕੈਨੇਡੀਅਨ ਸੰਗਠਨਾਂ ਜਾਂ ਸੰਸਦ ਮੈਂਬਰਾਂ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਿਹਾ?
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਵਿਦੇਸ਼ੀ ਦਖਲ ਕਮਿਸ਼ਨ ਦੇ ਸਾਹਮਣੇ ਆਪਣੀ ਗਵਾਹੀ ਵਿੱਚ, ਟਰੂਡੋ ਨੇ ਕਿਹਾ ਕਿ ਉਨ੍ਹਾਂ ਕੋਲ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਭੂਮਿਕਾ ਦੇ ਭਰੋਸੇਯੋਗ ਸਬੂਤ ਹਨ। ਕਮਿਸ਼ਨ ਵਿੱਚ ਕੈਨੇਡੀਅਨ ਪੀਐਮ ਟਰੂਡੋ ਨੇ ਭਾਰਤ ਨੂੰ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ਨਵੀਂ ਦਿੱਲੀ ਨੇ ਜੋ ਕੀਤਾ ਉਹ ਬਹੁਤ ਵੱਡੀ ਗਲਤੀ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, "ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਕੈਨੇਡੀਅਨਾਂ ਬਾਰੇ ਜਾਣਕਾਰੀ ਉੱਚ ਪੱਧਰਾਂ 'ਤੇ ਭਾਰਤ ਸਰਕਾਰ ਨੂੰ ਦਿੱਤੀ ਗਈ ਸੀ, ਜਿਸ ਨਾਲ ਫਿਰ ਲਾਰੈਂਸ ਬਿਸ਼ਨੋਈ ਗੈਂਗ ਵਰਗੇ ਅਪਰਾਧਿਕ ਸੰਗਠਨਾਂ ਰਾਹੀਂ ਕੈਨੇਡੀਅਨਾਂ ਵਿਰੁੱਧ ਹਿੰਸਾ ਹੋਈ। ਅਸੀਂ ਭਾਰਤੀ ਡਿਪਲੋਮੈਟਾਂ ਨਾਲ ਗੱਲ ਕਰ ਰਹੇ ਹਾਂ।" ਉਹ ਪੁੱਛ-ਗਿੱਛ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਆਪਣੀ ਕੂਟਨੀਤਕ ਛੋਟ ਨਹੀਂ ਦਿੱਤੀ, ਇਸ ਲਈ ਸਾਨੂੰ ਉਨ੍ਹਾਂ ਨੂੰ ਛੱਡਣ ਲਈ ਕਹਿਣਾ ਪਿਆ।"