ਅਸਾਮ/ਗੁਹਾਟੀ:ਅਸਾਮ ਦੇ 28 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਅਜੇ ਵੀ ਜਾਰੀ ਹੈ। ਇਸ ਦੌਰਾਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੂਬੇ 'ਚ ਐਤਵਾਰ ਨੂੰ ਹੜ੍ਹ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਧੂਬਰੀ ਅਤੇ ਨਲਬਾੜੀ ਵਿੱਚ ਦੋ-ਦੋ, ਕਛਰ, ਧੇਮਾਜੀ, ਗੋਲਪਾੜਾ ਅਤੇ ਸਿਵਾਸਾਗਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਆਸਾਮ ਵਿੱਚ ਹੜ੍ਹ ਕਾਰਨ ਅੱਠ ਨਵੀਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 66 ਤੱਕ ਪਹੁੰਚ ਗਈ ਹੈ, ਜੋ ਕਿ ਕਾਫੀ ਚਿੰਤਾਜਨਕ ਹੈ।
ਸੂਬੇ ਦੇ 28 ਜ਼ਿਲ੍ਹਿਆਂ ਦੇ 3,446 ਪਿੰਡ ਅਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਆਏ : ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਸੂਬੇ ਦੇ 28 ਜ਼ਿਲ੍ਹਿਆਂ ਦੇ ਤਿੰਨ ਹਜ਼ਾਰ ਤੋਂ ਵੱਧ ਪਿੰਡ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ। ਹੜ੍ਹ ਕਾਰਨ 22 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ, 28 ਜ਼ਿਲ੍ਹਿਆਂ ਦੇ 97 ਮਾਲ ਸਰਕਲਾਂ ਦੇ 3,446 ਪਿੰਡ ਇਸ ਸਮੇਂ ਪਾਣੀ ਵਿੱਚ ਡੁੱਬੇ ਹੋਏ ਹਨ। ਹੜ੍ਹ ਨਾਲ 22 ਲੱਖ 74 ਹਜ਼ਾਰ 289 ਲੋਕ ਪ੍ਰਭਾਵਿਤ ਹਨ। ਇਸ ਦੇ ਨਾਲ ਹੀ 68,432 ਹੈਕਟੇਅਰ ਵਾਹੀਯੋਗ ਜ਼ਮੀਨ ਹੜ੍ਹਾਂ ਵਿੱਚ ਡੁੱਬ ਗਈ ਹੈ। ਸੂਬੇ ਭਰ ਵਿੱਚ 3 ਲੱਖ 69 ਹਜ਼ਾਰ 9 ਹੜ੍ਹ ਪੀੜਤ 630 ਆਸਰਾ ਕੈਂਪਾਂ ਅਤੇ ਰਾਹਤ ਕੇਂਦਰਾਂ ਵਿੱਚ ਸ਼ਰਨ ਲੈ ਰਹੇ ਹਨ।