ਉੱਤਰ ਪ੍ਰਦੇਸ਼/ਪੀਲੀਭੀਤ—ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ 'ਚ ਨੂਡਲਜ਼ ਦੇ ਨਾਲ ਚੌਲ ਖਾਣ ਨਾਲ ਇਕ ਪਰਿਵਾਰ ਦੇ 6 ਮੈਂਬਰਾਂ ਦੀ ਹਾਲਤ ਵਿਗੜ ਗਈ। ਪਰਿਵਾਰ ਵਾਲੇ ਸਾਰਿਆਂ ਨੂੰ ਹਸਪਤਾਲ ਲੈ ਗਏ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਘਰ ਆ ਗਏ। ਘਰ ਆਉਂਦਿਆਂ ਹੀ 6 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੋਰਨਾਂ ਦੀ ਹਾਲਤ ਵੀ ਵਿਗੜ ਗਈ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਦਹਿਸ਼ਤ ਦਾ ਮਾਹੌਲ ਹੈ।
ਪੂਰਨਪੁਰ ਤਹਿਸੀਲ ਖੇਤਰ ਅਧੀਨ ਪੈਂਦੇ ਰਾਹੁਲ ਨਗਰ ਦੀ ਰਹਿਣ ਵਾਲੀ ਸੀਮਾ ਦਾ ਵਿਆਹ ਕਈ ਸਾਲ ਪਹਿਲਾਂ ਦੇਹਰਾਦੂਨ ਵਾਸੀ ਸੋਨੂੰ ਨਾਲ ਹੋਇਆ ਸੀ। ਸੀਮਾ ਵੀਰਵਾਰ ਨੂੰ ਆਪਣੇ ਬੇਟੇ ਰੋਹਨ ਅਤੇ ਵਿਵੇਕ ਅਤੇ ਬੇਟੀ ਸੰਧਿਆ ਨਾਲ ਆਪਣੇ ਨਾਨਕੇ ਘਰ ਆਈ ਸੀ। ਜਿੱਥੇ ਰਾਤ ਨੂੰ ਪਰਿਵਾਰ ਦੇ ਸਾਰੇ ਮੈਂਬਰ ਨੂਡਲਜ਼ ਅਤੇ ਚੌਲ ਖਾ ਕੇ ਸੌਂ ਗਏ। ਇਸ ਤੋਂ ਬਾਅਦ ਰਾਤ ਨੂੰ ਸੀਮਾ, ਉਸ ਦੇ ਤਿੰਨ ਬੱਚਿਆਂ, ਭੈਣ ਸੰਜੂ ਅਤੇ ਭਰਜਾਈ ਸੰਜਨਾ ਦੀ ਹਾਲਤ ਵਿਗੜ ਗਈ। ਸ਼ੁੱਕਰਵਾਰ ਨੂੰ ਸਾਰੇ ਲੋਕਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਘਰ ਚਲੇ ਗਏ। ਸ਼ੁੱਕਰਵਾਰ ਦੇਰ ਰਾਤ ਪਰਿਵਾਰ ਵਾਲਿਆਂ ਦੀ ਹਾਲਤ ਇੱਕ ਵਾਰ ਫਿਰ ਵਿਗੜ ਗਈ।