ਉਲਹਾਸਨਗਰ:ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਵਿੱਚ ਬੀਤੀ ਰਾਤ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਸੂਬੇ 'ਚ ਸੱਤਾਧਾਰੀ ਭਾਜਪਾ ਦੇ ਵਿਧਾਇਕ ਨੇ ਆਪਣੀ ਹੀ ਹਮਾਇਤੀ ਪਾਰਟੀ ਦੇ ਨੇਤਾ ਮਹੇਸ਼ ਗਾਇਕਵਾੜ 'ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਆਗੂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਸ਼ੁੱਕਰਵਾਰ ਰਾਤ ਨੂੰ ਥਾਣੇ 'ਚ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਨੇਤਾ ਮਹੇਸ਼ ਗਾਇਕਵਾੜ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਜ਼ਖਮੀ ਮਹੇਸ਼ ਗਾਇਕਵਾੜ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਹਿੱਲ ਲਾਈਨ ਪੁਲਿਸ ਸਟੇਸ਼ਨ ਦੀ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਮਹੇਸ਼ ਗਾਇਕਵਾੜ ਅਤੇ ਉਨ੍ਹਾਂ ਦੇ ਇਕ ਸਮਰਥਕ ਨੂੰ ਪੰਜ ਗੋਲੀਆਂ ਲੱਗੀਆਂ।
ਮਹੇਸ਼ ਗਾਇਕਵਾੜ ਗੰਭੀਰ ਜ਼ਖਮੀ:ਦੱਸਿਆ ਜਾਂਦਾ ਹੈ ਕਿ ਸ਼ੁੱਕਰਵਾਰ ਨੂੰ ਹਿੱਲ ਲਾਈਨ ਥਾਣੇ ਦੇ ਸੀਨੀਅਰ ਇੰਸਪੈਕਟਰ ਅਨਿਲ ਜਗਤਾਪ ਦੇ ਹਾਲ 'ਚ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਅਤੇ ਸ਼ਿੰਦੇ ਧੜੇ ਦੇ ਸ਼ਹਿਰੀ ਮੁਖੀ ਮਹੇਸ਼ ਗਾਇਕਵਾੜ ਵਿਚਾਲੇ ਬਹਿਸ ਚੱਲ ਰਹੀ ਸੀ। ਇਸ ਦੌਰਾਨ ਗਣਪਤ ਗਾਇਕਵਾੜ ਦੇ ਸਮਰਥਕਾਂ ਨੇ ਅਚਾਨਕ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਮਹੇਸ਼ ਗਾਇਕਵਾੜ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਮਹੇਸ਼ ਗਾਇਕਵਾੜ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਦਾ ਠਾਣੇ ਦੇ ਜੁਪੀਟਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।