ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਸ਼ੁੱਕਰਵਾਰ ਨੂੰ ਇਲਜ਼ਾਮ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖਤੀ ਸ਼ਿਕਾਇਤ ਦੇਣ ਮਗਰੋਂ ਸੀਸੀਟੀਵੀ ਫੁਟੇਜ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਮੈਨੂੰ ਸੂਚਨਾ ਮਿਲੀ ਹੈ ਕਿ ਹੁਣ ਇਹ ਲੋਕ ਮਾਲੀਵਾਲ ਦੇ ਘਰ ਦੇ ਸੀਸੀਟੀਵੀ ਨਾਲ ਛੇੜਛਾੜ ਕਰ ਰਹੇ ਹਨ।" ਮਾਲੀਵਾਲ ਨੇ ਇਹ ਇਲਜ਼ਾਮ ਦਿੱਲੀ ਦੇ ਮੁੱਖ ਮੰਤਰੀ ਦੇ ਸਹਿਯੋਗੀ ਵਿਭਵ ਕੁਮਾਰ ਵੱਲੋਂ ਉਸ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਲਗਾਏ ਹਨ।
ਮੁੱਖ ਮੰਤਰੀ ਦੇ ਸਹਿਯੋਗੀ ਵਿਭਵ ਕੁਮਾਰ ਨੇ ਦਿੱਲੀ ਪੁਲਿਸ ਦੁਆਰਾ ਦਰਜ ਐਫਆਈਆਰ ਵਿੱਚ ਸਵਾਤੀ ਮਾਲੀਵਾਲ 'ਤੇ ਇਹ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਸੁਰੱਖਿਆ ਦੀ ਉਲੰਘਣਾ ਕੀਤੀ ਤੇ ਹੰਗਾਮਾ ਕਰ ਉਸ ਉੱਤੇ ਹਮਲਾ ਵੀ ਕੀਤਾ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਵੀਡੀਓ ਤੋਂ ਬਾਅਦ 'ਆਪ' ਅਤੇ ਸਵਾਤੀ ਮਾਲੀਵਾਲ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ, ਜਦੋਂ ਸਵਾਤੀ ਮਾਲੀਵਾਲ ਕੇਜਰੀਵਾਲ ਦੀ ਰਿਹਾਇਸ਼ 'ਤੇ ਕਰਮਚਾਰੀਆਂ ਨਾਲ ਬਹਿਸ ਕਰਦੀ ਦਿਖਾਈ ਦੇ ਰਹੀ ਹੈ।