ਨਵੀਂ ਦਿੱਲੀ : ਦਿੱਲੀ ਦੇ ਵਿਵੇਕ ਵਿਹਾਰ 'ਚ ਇਕ ਨਰਸਿੰਗ ਹੋਮ 'ਚ ਅੱਗ ਲੱਗਣ ਦੀ ਘਟਨਾ 'ਚ 7 ਬੱਚਿਆਂ ਦੀ ਮੌਤ ਤੋਂ ਬਾਅਦ ਉਪ ਰਾਜਪਾਲ ਵੀ.ਕੇ ਸਕਸੈਨਾ ਦੇ ਨਿਰਦੇਸ਼ਾਂ 'ਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਨੇ ਹਸਪਤਾਲਾਂ 'ਚ ਛਾਪੇਮਾਰੀ ਕਰਕੇ ਜਾਂਚ ਕੀਤੀ। ਇਸ ਦੌਰਾਨ 62 ਹਸਪਤਾਲਾਂ 'ਚ ਛਾਪੇਮਾਰੀ ਦੌਰਾਨ ਏ.ਸੀ.ਬੀ. ਨੇ ਚਾਰ ਹਸਪਤਾਲ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਪਾਏ। ਇਸ ਦੇ ਨਾਲ ਹੀ 40 ਹਸਪਤਾਲਾਂ ਵਿੱਚ ਕਮੀਆਂ ਪਾਈਆਂ ਗਈਆਂ।
ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਚਾਰ ਹਸਪਤਾਲਾਂ ਵਿੱਚੋਂ ਦੋ ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਅਤੇ ਕੋਂਡਲੀ ਵਿੱਚ ਹਨ ਅਤੇ ਬਾਕੀ ਦੋ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਅਤੇ ਦੱਖਣੀ ਦਿੱਲੀ ਦੇ ਦਿਓਲੀ ਖੇਤਰ ਵਿੱਚ ਹਨ। ਛਾਪੇਮਾਰੀ ਤੋਂ ਪਤਾ ਲੱਗਾ ਕਿ ਇਨ੍ਹਾਂ ਚਾਰ ਹਸਪਤਾਲਾਂ ਕੋਲ ਲਾਇਸੈਂਸ ਵੀ ਨਹੀਂ ਸੀ, ਛਾਪੇਮਾਰੀ ਤੋਂ ਬਾਅਦ ਏਸੀਬੀ ਨੇ ਆਪਣੀ ਰਿਪੋਰਟ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਨੂੰ ਸੌਂਪ ਦਿੱਤੀ ਹੈ।
ਦੱਸ ਦਈਏ ਕਿ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਸਥਿਤ ਨਿਊ ਬਰਨ ਚਾਈਲਡ ਕੇਅਰ ਸੈਂਟਰ 'ਚ 25 ਦੀ ਰਾਤ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਏਸੀਬੀ ਨੇ ਸਭ ਤੋਂ ਪਹਿਲਾਂ ਉਪ ਰਾਜਪਾਲ ਦੇ ਨਿਰਦੇਸ਼ਾਂ 'ਤੇ ਹਸਪਤਾਲਾਂ ਦੀ ਸੂਚੀ ਤਿਆਰ ਕੀਤੀ ਸੀ। ਉਸ ਤੋਂ ਬਾਅਦ ਦੂਜੇ ਪੜਾਅ ਵਿੱਚ ਛਾਪੇਮਾਰੀ ਕੀਤੀ ਗਈ। 7 ਦਿਨਾਂ ਦੀ ਛਾਪੇਮਾਰੀ ਤੋਂ ਬਾਅਦ ਹੁਣ ਏਸੀਬੀ ਨੇ ਆਪਣੀ ਰਿਪੋਰਟ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਆਧਾਰ 'ਤੇ ਹੁਣ ਹਸਪਤਾਲ ਅਤੇ ਨਰਸਿੰਗ ਹੋਮ ਖਿਲਾਫ ਅਗਲੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਵਿੱਚ 1190 ਤੋਂ ਵੱਧ ਹਸਪਤਾਲ ਅਤੇ ਨਰਸਿੰਗ ਹੋਮ ਚੱਲ ਰਹੇ ਹਨ। ਦਿਵਿਆ ਨਰਸਿੰਗ ਹੋਮ ਹਾਦਸੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਹਸਪਤਾਲ ਦੇ ਡਾਇਰੈਕਟਰ ਡਾ: ਨਵੀਨ ਖਾਗੀ ਅਤੇ ਡਿਊਟੀ 'ਤੇ ਮੌਜੂਦ ਡਾਕਟਰ ਆਕਾਸ਼ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਅਤੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਸੀ। ਅਦਾਲਤ ਨੇ ਦੋਵਾਂ ਨੂੰ ਪੰਜ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਨਵੀਨ ਖਾਗੀ 'ਤੇ ਨਰਸਿੰਗ ਹੋਮ ਦੀ ਗਰਾਊਂਡ ਫਲੋਰ 'ਤੇ ਆਕਸੀਜਨ ਸਿਲੰਡਰ ਦੀ ਗੈਰ-ਕਾਨੂੰਨੀ ਰੀਫਿਲਿੰਗ ਕਰਨ ਦਾ ਦੋਸ਼ ਹੈ। ਉੱਥੇ ਆਕਸੀਜਨ ਸਿਲੰਡਰਾਂ ਦੀਆਂ ਵੱਡੀਆਂ ਗੱਡੀਆਂ ਰੋਜ਼ਾਨਾ ਆਉਂਦੀਆਂ ਸਨ ਅਤੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ਤੱਕ ਗੈਸ ਰੀਫਿਲ ਕਰਨ ਦਾ ਕੰਮ ਕੀਤਾ ਜਾਂਦਾ ਸੀ। ਸਥਾਨਕ ਲੋਕਾਂ ਨੇ ਵੀ ਅਜਿਹਾ ਹੀ ਦੋਸ਼ ਲਗਾਇਆ ਸੀ।