ਤਰਨ ਤਾਰਨ ਦੇ ਪੰਜਾਬੀ ਗੱਭਰੂ ਦੀ ਆਸਟ੍ਰੇਲੀਆ 'ਚ ਮੌਤ
🎬 Watch Now: Feature Video
ਤਰਨ ਤਾਰਨ: ਭਿੱਖੀਵਿੰਡ ਦੇ ਨਾਲ ਪੈਦੇ ਪਿੰਡ ਲੱਖਣਾ ਤਪਾ ਦੇ 22 ਸਾਲਾ ਨੌਜਵਾਨ ਜਗਰੂਪ ਸਿੰਘ ਦੀ ਆਸਟ੍ਰੇਲੀਆ ਵਿੱਚ ਭੇਦਭਰੇ ਹਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਜਗਰੂਪ ਸਿੰਘ 2 ਸਾਲ ਪਹਿਲਾਂ ਆਸਟ੍ਰੇਲੀਆ ਪੜ੍ਹਾਈ ਕਰਨ ਲਈ ਗਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਮਿਤ੍ਰਕ ਦੇ ਪਿਤਾ ਗੁਰਪਾਲ ਸਿੰਘ ਤੇ ਚਾਚਾ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਦੀ ਉਮਰ 22 ਸਾਲ ਸੀ। ਬੀਤੇ ਦਿਨੀਂ ਉਸ ਦੇ ਦੋਸਤ ਨੇ ਫ਼ੋਨ ਰਾਹੀਂ ਜਗਰੂਪ ਦੀ ਮੌਤ ਦੀ ਖ਼ਬਰ ਬਾਰੇ ਦੱਸਿਆ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ 2 ਦਿਨ ਪਹਿਲਾਂ ਉਸ ਨਾਲ ਗੱਲ ਹੋਈ ਸੀ ਤਾਂ ਉਸ ਨੇ ਕਮਰੇ ਵਿੱਚ ਰਹਿ ਰਹੇ ਦੋਸਤਾਂ ਨਾਲ ਅਣਬਣ ਬਾਰੇ ਦੱਸਿਆ ਤੇ 26 ਅਪ੍ਰੈਲ ਨੂੰ ਥਾਂ ਬਦਲਣ ਦੀ ਗੱਲ ਕੀਤੀ ਸੀ। ਉੱਥੇ ਹੀ ਦੂਜੇ ਪਾਸੇ ਜਗਰੂਪ ਨਾਲ ਲੜਨ ਵਾਲੇ ਮੁੰਡੇ ਨੇ ਦੱਸਿਆ ਕਿ ਜਗਰੂਪ ਸਿੰਘ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਨਾਂ ਦੇ ਪੁੱਤਰ ਦਾ ਨਾਲ ਰਹਿ ਰਹੇ ਦੋਸਤਾਂ ਵੱਲੋਂ ਕਤਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਆਸਟ੍ਰੇਲੀਆ ਦੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਜਗਰੂਪ ਸਿੰਘ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ ਤੇ ਅਸਲ ਸੱਚ ਸਾਹਮਣੇ ਲਿਆਂਦਾ ਜਾਵੇ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਵਾਪਸ ਲਿਆਉਣ ਵਾਸਤੇ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।