ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਸਾਬਕਾ ਸਾਂਸਦ ਜਗਮੀਤ ਬਰਾੜ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਜਗਮੀਤ ਬਰਾੜ ਦਾ ਅਕਾਲੀ ਦਲ 'ਚ ਸ਼ਾਮਲ ਹੋਣ ਉਤੇ ਸਵਾਗਤ ਕੀਤਾ।
ਦੱਸ ਦਈਏ ਕਿ ਜਗਮੀਤ ਬਰਾੜ ਦਾ ਨਾਂਅ ਪੰਜਾਬ ਦੀ ਸਿਆਸਤ ਵਿੱਚ ਬੜਾ ਅਹਿਮ ਰਿਹਾ ਹੈ। ਉਹ ਆਪਣੇ ਬੇਬਾਕੀ ਨਾਲ ਬੋਲਣ ਵਾਲੇ ਅੰਦਾਜ਼ ਕਰਕੇ ਬੜੇ ਹਰਮਨ ਪਿਆਰੇ ਸਨ। ਸਭ ਨੂੰ ਇੰਝ ਜਾਪਦਾ ਸੀ ਕਿ ਇਨ੍ਹਾਂ ਦਾ ਪੰਜਾਬ ਦੀ ਸਿਆਸਤ ਵਿੱਚ ਸੁਨਿਹਰਾ ਭਵਿੱਖ ਹੈ ਪਰ ਉਨ੍ਹਾਂ ਦੀਆਂ ਕੁਝ ਗ਼ਲਤੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਹਾਸ਼ੀਆ 'ਤੇ ਲਿਆ ਦਿੱਤਾ ਹੈ।
ਜਗਮੀਤ ਬਰਾੜ ਦੇ ਸਿਆਸੀ ਸਫ਼ਰ 'ਤੇ ਇੱਕ ਝਾਤ
ਜਗਮੀਤ ਬਰਾੜ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਵਿਦਿਆਰਥੀ ਆਗੂ ਵਜੋਂ ਕੀਤੀ ਸੀ। ਵਿਦਿਆਰਥੀ ਸਿਆਸਤ ਵਿੱਚ ਹਿੱਸਾ ਲੈਣ ਤੋਂ ਬਾਅਦ ਬਰਾੜ 'All India Sikh Student Federation' ਦੇ ਪ੍ਰਧਾਨ ਵੀ ਰਹੇ ਜਿਸ ਤੋਂ ਬਾਅਦ ਜਗਮੀਤ ਬਰਾੜ 1992 ਅਤੇ 1999 ਵਿੱਚ ਸਾਂਸਦ ਬਣੇ। 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜ਼ੂਦ ਵੀ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਫ਼ਰੀਦਕੋਟ ਸੀਟ ਤੋਂ ਮਾਤ ਦਿੱਤੀ ਸੀ।
ਇਸ ਦੌਰਾਨ ਜਗਮੀਤ ਬਰਾੜ ਦੇ ਕਾਂਗਰਸ ਪਾਰਟੀ ਨਾਲ ਕਈ ਮੱਤਭੇਦ ਰਹੇ ਜਿਸ ਤੋਂ ਬਾਅਦ 5 ਜਨਵਰੀ 2015 ਨੂੰ ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਇਹ ਉਨ੍ਹਾਂ ਦੇ ਸਿਆਸੀ ਜੀਵਨ ਦੀ ਵੱਡੀ ਗ਼ਲਤੀ ਸਾਬਤ ਹੋਈ ਜਿਸ ਕਰਕੇ ਉਨ੍ਹਾਂ ਦਾ ਸਿਆਸੀ ਅਕਸ ਧੁੰਦਲਾ ਜਾਪਣ ਲੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ੍ਹਿਆ ਅਤੇ ਪੰਜਾਬ ਦੇ ਪ੍ਰਧਾਨ ਬਣੇ ਗਏ ਪਰ ਪਾਰਟੀ ਦਾ ਪੰਜਾਬ ਵਿੱਚ ਆਧਾਰ ਨਾ ਹੋਣ ਕਾਰਨ ਉਨ੍ਹਾਂ ਨੇ ਇਸ ਨੂੰ ਵੀ ਅਲਵਿਦਾ ਕਹਿ ਦਿੱਤਾ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਚਰਚਾ ਸੀ ਕਿ ਜਗਮੀਤ ਬਰਾੜ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਉਹ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ਬਲਕਿ ਬਾਹਰੋਂ ਪਾਰਟੀ ਦਾ ਸਮਰਥਨ ਕਰਨਗੇ।
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਿਰ ਤੋਂ ਇਹ ਚਰਚਾ ਛਿੜੀ ਸੀ ਕਿ ਉਹ 'ਆਪ' ਵਿੱਚ ਜਾ ਰਹੇ ਹਨ ਪਰ ਇਨ੍ਹਾਂ ਸਭ ਗੱਲਾਂ ਨੂੰ ਸਾਫ਼ ਕਰਦਿਆਂ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ।