ਸੰਗਰੂਰ: ਲਹਿਰਾਗਾਗਾ ਦੇ ਪਿੰਡ ਛਾਜਲੀ ਵਿੱਚ ਇੱਕ ਸਮਾਗਮ ਦੌਰਾਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ 60-70 ਫ਼ੀਸਦੀ ਅਹੁਦੇਦਾਰਾਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ, ਪਾਰਟੀ ਤੋਂ ਨਹੀਂ, ਕਿਉਂਕਿ ਇਹ ਲੜਾਈ ਪਾਰਟੀ ਨੂੰ ਬਚਾਉਣ ਦੀ ਹੈ।
ਇਸ ਤੋਂ ਇਲਾਵਾ ਢੀਂਡਸਾ ਨੇ 2 ਫਰਵਰੀ ਨੂੰ ਹੋਣ ਵਾਲੀ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇੱਕ ਰੈਲੀ ਹੀ ਨਹੀਂ ਕਰਨੀ ਹੋਰ ਵੀ ਕਰਨੀਆਂ ਹਨ, ਤੇ ਉਹ ਆਪਣੇ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਘਰ-ਘਰ ਤੱਕ ਜਾਣਗੇ।
ਉੱਥੇ ਹੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਦੇ ਐਲਾਨ 'ਤੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇੱਕ ਝੂਠ ਨੂੰ ਲਕਾਉਣ ਵਾਸਤੇ 100 ਝੂਠ ਬੋਲਣੇ ਪੈਂਦੇ ਹਨ, ਪਹਿਲਾਂ ਤਾਂ ਉਨ੍ਹਾਂ ਨੇ CAA ਨੂੰ ਮੁੱਦਾ ਬਣਾ ਕੇ ਭਾਜਪਾ ਨੂੰ ਸਮਰਥਨ ਦੇਣ ਤੋਂ ਮੰਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਜਦੋਂ ਕੇਂਦਰ ਵਿੱਚ ਆਪਣੇ ਅਹੁਦੇ ਨੂੰ ਬਚਾਉਣ ਦੀ ਗੱਲ ਆਈ ਤਾਂ ਅਕਾਲੀ ਦਲ ਨੇ ਯੂ-ਟਰਨ ਲੈ ਲਿਆ, ਹੁਣ ਸੀਏਏ ਕਿੱਥੇ ਗਿਆ?
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਢੀਂਡਸਾ ਪਰਵਾਰ ਵਿਚਾਲੇ ਪਿਛਲੇ ਦਿਨਾਂ ਦੌਰਾਨ ਪਈ ਦਰਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਦੋਵੇਂ ਧਿਰਾਂ ਇਕ-ਦੂਜੇ 'ਤੇ ਹਮਲਾ ਬੋਲਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦੇ ਰਹੀਆਂ।
ਇੱਕ ਪਾਸੇ ਜਿੱਥੇ ਸੁਖਬੀਰ ਬਾਦਲ ਹਲਕੇ ਅੰਦਰ ਢੀਂਡਸਾ ਪਰਿਵਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ, ਉਥੇ ਹੀ ਢੀਂਡਸਾ ਪਰਿਵਾਰ ਨੇ ਵੀ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲਕਿਆਂ ਦੇ ਕਬਜ਼ੇ ਨੂੰ ਮੁਕਤ ਕਰਵਾਉਣ ਦੀ ਤਿਆਰੀ ਕਰ ਲਈ ਹੈ। ਹੁਣ ਮਜ਼ੇਦਾਰ ਗੱਲ ਇਹ ਹੋਵੇਗੀ ਕਿ ਅਕਾਲੀਆਂ ਤੇ ਢੀਂਡਸਿਆਂ ਦੇ ਸ਼ਬਦੀ ਹਮਲੇ ਕਦੋਂ ਤੱਕ ਜਾਰੀ ਰਹਿੰਦੇ ਹਨ। ਕੀ ਢੀਂਡਸਾ ਪਰਿਵਾਰ ਆਪਣੇ ਮਿਸ਼ਨ ਵਿੱਚ ਸਫ਼ਲ ਹੋ ਸਕੇਗਾ?