ਲਹਿਰਾਗਾਗਾ: ਢੀਂਡਸਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਸੰਗਰੂਰ ਦੀ ਅਕਾਲੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਢੀਂਡਸਾ ਪਰਿਵਾਰ ਵਲੋਂ ਅਕਾਲੀ ਦਲ ਵਿੱਚ ਸ਼ੁਰੂ ਕੀਤੀ ਬਗਾਵਤ ਹਰ ਰੋਜ਼ ਨਵਾਂ ਮੋੜ ਲੈ ਰਹੀ ਹੈ। ਉੱਥੇ ਹੀ ਅਕਾਲੀ ਦਲ ਵਲੋਂ ਵੀ ਜ਼ਿਲ਼੍ਹੇ ਅੰਦਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਕਿਸੇ ਸਮੇਂ ਢੀਂਡਸਾ ਪਰਿਵਾਰ ਦੇ ਬਹੁਤ ਨਜ਼ਦੀਕੀ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਖਦੇਵ ਸਿੰਘ ਢੀਂਡਸਾ ਤੇ ਢੀਂਡਸਾ ਪਰਿਵਾਰ ਵਲੋਂ ਅਕਾਲੀ ਦਲ ਵਿੱਚ ਕੀਤੀ ਬਗਾਵਤ ਬਾਰੇ ਕਈ ਟਿੱਪਣੀਆਂ ਕੀਤੀਆਂ ਹਨ। ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਬਾਰੇ ਬੋਲਦੇ ਹੋਏ ਉਨ੍ਹਾਂ ਆਖਿਆ ਕਿ ਹਰ ਕਿਸੇ ਨੂੰ ਵੀ ਹੱਕ ਹੈ ਕਿ ਉਹ ਚੋਣਾਂ ਲੜੇ। ਉਨ੍ਹਾਂ ਆਖਿਆ ਕਿ ਕੋਈ ਵੀ ਚੋਣਾਂ ਲੜ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਵਿੱਚੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਲਈ 2 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਵੀ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਅਖਿਆ ਕਿ ਅਕਾਲੀ ਦਲ ਦੀ ਇਹ ਰੈਲੀ ਲਾਮਿਸਾਲ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਰੈਲੀ ਵਿੱਚ ਸਾਰੇ ਜ਼ਿਲ੍ਹੇ ਦੇ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚਣੇ।
ਗੋਬਿੰਦ ਸਿੰਘ ਲੌਂਗੋਵਾਲ ਨੇ ਹੈਰੀਟੇਜ ਸਟਰੀਟ ਵਿੱਚ ਲੱਗੇ ਸੱਭਿਆਚਾਰਕ ਬੁੱਤਾ ਦੀ ਭੰਨ ਤੋੜ ਤੇ ਬੋਲਦੇ ਹੋਏ ਆਖਿਆ ਕਿ ਇਸ ਤਰ੍ਹਾਂ ਦੇ ਮਾਮਲੇ ਮਿਲ ਬੈਠ ਕੇ ਹੀ ਹੱਲ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਲਹਿਰਾਗਾਗਾ ਨੇੜਲੇ ਸੰਗਤਪੁਰਾ ਵਿੱਚ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਧਰਾਮਿਕ ਸਮਾਗਮ ਵਿੱਚ ਸ਼ਿਕਰਤ ਕਰਨ ਲਈ ਪਹੁੰਚੇ ਹੋਏ ਸਨ।