ਮੁਹਾਲੀ: ਕੁਰਾਲੀ ਦੇ ਨਜ਼ਦੀਕੀ ਪਿੰਡ ਮਾਜਰਾ ਟੀ ਪੁਆਇੰਟ ’ਤੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਦੋ ਗੁੱਟਾਂ ’ਚ ਭਿਆਨਕ ਝੜਪ ਹੋ ਗਈ। ਝੜਪ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਹੋਲੀ ਵਾਲੇ ਦਿਨ ਦੋ ਗੁੱਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਜਿਸ ਕਾਰਨ ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਝਗੜੇ ਦੌਰਾਨ ਇੱਕ ਧਿਰ ਨੇ ਦੂਜੇ ਧਿਰ ’ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਮੌਕੇ ਤੇ ਹੀ ਸਤਨਾਮ ਸਿੰਘ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਖਰੜ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾ ਦੌਰਾਨ ਮੌਜੂਦ ਲੋਕਾਂ ਨੇ ਦੱਸਿਆ ਕਿ ਸਤਨਾਮ ਸਿੰਘ ਆਪਣੇ ਰਿਸ਼ਤੇਦਾਰ ਦੇ ਨਾਲ ਪਿੰਡ ਮਾਜਰਾ ਵਿਖੇ ਹੋਲੀ ਦੀ ਪਾਰਟੀ ਕਰ ਰਿਹਾ ਸੀ ਇਸ ਦੌਰਾਨ ਦੋ ਵਿਅਕਤੀ ਆਏ ਅਤੇ ਉਨ੍ਹਾਂ ਦੀ ਸਤਨਾਮ ਸਿੰਘ ਨਾਲ ਬਹਿਸ ਸ਼ੁਰੂ ਹੋ ਗਈ। ਬਹਿਸ ਨੇ ਫਿਰ ਝਗੜੇ ਦਾ ਰੂਪ ਧਾਰ ਲਿਆ। ਝਗੜੇ ਦੌਰਾਨ ਇੱਕ ਨੌਜਵਾਨ ਨੇ ਸਤਨਾਮ ਸਿੰਘ ’ਤੇ ਫਾਇਰਿੰਗ ਕਰ ਦਿੱਤੀ। ਅਤੇ ਗੋਲੀ ਲੱਗਣ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੂਜੀ ਧਿਰ ਫਰਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਉਹ ਦੋਵੇਂ ਵਿਅਕਤੀ ਸਤਨਾਮ ਸਿੰਘ ਦੇ ਪੁਰਾਣੇ ਜਾਣਕਾਰ ਸੀ। ਇਨ੍ਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚਲ ਰਹੀ ਸੀ।
ਇਹ ਵੀ ਪੜੋ: ਕੋਰੋਨਾ ਪੌਜ਼ੀਟਿਵ ਆਉਣ ਦੇ ਹਫਤੇ ਬਾਅਦ ਹਸਪਤਾਲ 'ਚ ਦਾਖਲ ਹੋਏ ਸਚਿਨ ਤੇਂਦੁਲਕਰ
ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਧਾਰਾ 302 ਦੇ ਤਹਿਤ ਮੁਲਜ਼ਮ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।