ਰੂਪਨਗਰ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿੱਚ ਜਾ ਕੇ ਲੰਗਰ ਛੱਕਿਆ। ਇਸ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਕੋਰੋਨਾ ਮਹਾਂਮਾਰੀ ਦੇ ਨਾਲ ਲੜਨ ਵਾਲੇ ਬਾਕੀ ਸੂਬਿਆਂ 'ਚੋਂ ਮੋਹਰੀ ਸੂਬਾ ਬਣਿਆ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਕ੍ਰਿਪਾ ਹੋਈ ਹੈ ਤੇ ਇਸੇ ਕਰਕੇ ਪੰਜਾਬ ਇਸ ਮਹਾਂਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਹੀ ਫ਼ੈਸਲੇ ਤੇ ਪੰਜਾਬ ਦੀ ਜਨਤਾ ਦੇ ਸਾਥ ਨਾਲ ਇਹ ਸਭ ਕੁਝ ਸੰਭਵ ਹੋ ਸਕਿਆ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮੱਧ ਵਰਗੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਲਈ ਸਰਕਾਰ ਕੀ ਕਰ ਰਹੀ ਹੈ, ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਦਾ ਕੰਮ ਲੋਕਾਂ ਦੀ ਜਾਨ ਬਚਾਉਣਾ ਤੇ ਗਰੀਬ ਲੋਕਾਂ ਨੂੰ ਰੋਜ਼ੀ ਰੋਟੀ ਪ੍ਰਦਾਨ ਕਰਨਾ ਸੀ ਤੇ ਹੁਣ ਜਦ ਹਾਲਾਤ ਸੁਧਰਣਗੇ ਤਾਂ ਸਰਕਾਰ ਵੱਲੋਂ ਮੱਧ ਵਰਗੀ ਪਰਿਵਾਰਾਂ ਦੇ ਲਈ ਵੀ ਸੋਚਿਆ ਜਾ ਰਿਹਾ ਹੈ।