ਰੋਪੜ: ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਸੋਮਵਾਰ ਨੂੰ ਏਸ਼ੀਅਨ ਖੇਡਾਂ ਵਿੱਚ ਰਾਈਫਲ ਸੂ਼ਟਿੰਗ ਵਿੱਚ ਸੋਨ ਤਗਮਾ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੀਆਂ ਲੜਕੀਆ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਅਤੇ ਬੱਚੀਆਂ ਨੂੰ ਮੁਬਾਰਕਬਾਦ ਪੇਸ਼ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਰੋਪੜ ਸ਼ਹਿਰ ਦੀਆਂ 2 ਧੀਆਂ ਜੈਸਮੀਨ ਕੌਰ ਵਾਸੀ ਸਨਸਿਟੀ ਕਾਲੋਨੀ ਅਤੇ ਖੁਸ਼ੀ ਸੈਣੀ ਪੁੱਤਰੀ ਹਰਜੀਤ ਕੋਰ ਐਡਵੋਕੇਟ ਵਾਸੀ ਹੇਮਕੁੰਟ ਕਾਲੋਨੀ ਨੇ ਪਿਛਲੇ ਦਿਨੀ ਦੋਹਾ ਕਤਰ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਕ੍ਰਮਵਾਰ ਰਾਈਫਲ ਸੂ਼ਟਿੰਗ ਵਿੱਚ ਸੋਨ ਅਤੇ ਕਾਂਸੀ ਦਾ ਤਗਮੇ ਜਿੱਤ ਕੇ ਦੇਸ਼ ਦੀ ਸ਼ਾਨ ਵਿੱਚ ਵਾਧਾ ਕੀਤਾ ਸੀ।
ਡਾ. ਚੀਮਾ ਆਪਣੇ ਸਾਥੀਆਂ ਸਮੇਤ ਦੋਹਾਂ ਲੜਕੀਆਂ ਦੇ ਘਰਾਂ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਆਸ ਕੀਤੀ ਕਿ ਮਾਰਚ 2020 ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਵੀ ਇਹ ਬੱਚੀਆਂ ਇਸੇ ਤਰਾਂ ਸ਼ਹਿਰ ਦਾ ਨਾਂਅ ਰੌਸ਼ਨ ਕਰਨਗੀਆਂ।
ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬੱਚੀਆਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਅਤੇ ਸਨਮਾਨ ਦਿਤਾ ਜਾਵੇ ਤਾਂ ਜੋ ਹੋਰ ਬੱਚੇ ਵੀ ਪ੍ਰੇਰਿਤ ਹੋ ਕੇ ਖੇਡਾਂ ਵਿੱਚ ਰੂਚੀ ਦਿਖਾਉਣ।