ਪਟਿਆਲਾ: ਫਿਲਮੀ ਅੰਦਾਜ਼ 'ਚ ਫਿਰੌਤੀ ਮੰਗਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 2 ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਵੜ ਕੇ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਦੇ ਕੁਝ ਦਿਨ ਬਾਅਦ ਫਿਰੌਤੀ ਮੰਗਣ ਦੀ ਇੱਕ ਚਿੱਠੀ ਉਨ੍ਹਾਂ ਦੇ ਘਰ ਸੁਟੀ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ।
ਪੀੜਤ ਚਰਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਇਕੱਲੇ ਹੀ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਬੈਠ ਕੇ ਕੁਝ ਕੰਮ ਕਰ ਰਹੇ ਸਨ ਤਾਂ ਅਚਾਨਕ ਦੋ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਵੜੇ ਅਤੇ ਉਨ੍ਹਾਂ ਨੂੰ ਫੜ ਲਿਆ, ਜਦੋਂ ਉਨ੍ਹਾਂ ਨੇ ਸ਼ੋਰ ਮਚਾਇਆ ਤਾਂ ਦੋਵੇਂ ਵਿਅਕਤੀ ਮੌਕੇ ਤੋਂ ਭੱਜ ਗਏ। ਪਰ ਕੁਝ ਦਿਨ ਬਾਅਦ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ ਜਿਸ ਵਿੱਚ ਚਰਨ ਸਿੰਘ ਦੀ ਪਤਨੀ ਨੂੰ ਬਖਸ਼ਣ ਦੇ ਬਦਲੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਚਰਨ ਸਿੰਘ ਨੇ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ।
ਉੱਥੇ ਹੀ ਕੁਝ ਦਿਨ ਬਾਅਦ ਫਿਰ ਧਮਕੀ ਦੇਣ ਵਾਲੇ ਦੋ ਨੌਜਵਾਨ ਇਸੇ ਘਰ ਵਿੱਚ ਚਿੱਠੀ ਰੱਖਣ ਆਏ ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਪੁੱਛਗਿਛ ਦੌਰਾਨ ਅਪਰਾਧੀ ਨੇ ਦੱਸਿਆ ਕਿ ਉਹ ਇੱਕ ਲੇਖਕ ਹੈ ਅਤੇ ਫਿਲਮ ਬਣਾਉਣਾ ਚਾਹੁੰਦਾ ਹੈ ਪਰ ਕੋਈ ਪ੍ਰੋਡਿਊਸਰ ਨਾ ਮਿਲਣ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਨੌਜਵਾਨ ਦੇ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।