ਪਠਾਨਕੋਟ: ਜ਼ਿਲ੍ਹੇ 'ਚ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ, ਵਾਟਰ ਸਪਲਾਈ ਤੇ ਹੋਰ ਆਊਟ ਸੋਰਸਿਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਰੋਸ ਪ੍ਰਦਰਸ਼ਨ ਮੇਨ ਬਾਜ਼ਾਰ ਦੀ ਸੜਕ 'ਤੇ ਕੀਤਾ, ਜਿਸ ਨਾਲ ਸੜਕ 'ਤੇ ਜਾਮ ਲਗ ਗਿਆ।
ਦੱਸ ਦੇਈਏ ਕਿ ਇਹ ਰੋਸ ਪ੍ਰਦਰਸ਼ਨ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨ਼ਖਾਹ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਵਿੱਚ ਕਰੀਬ 500 ਆਊਟ ਸੋਰਸਿਸ ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਵਿੱਚ ਵਾਟਰ ਸਪਲਾਈ, ਸੀਵਰੇਜ ਮੈਨ, ਸਫਾਈ ਕਰਮਚਾਰੀ ਅਤੇ ਹੋਰ ਮੁਲਾਜ਼ਮ ਸ਼ਾਮਿਲ ਹਨ ਜਿਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਸਰਕਾਰ ਵੱਲੋਂ ਤਨ਼ਖਾਹ ਨਹੀਂ ਮਿਲੀ।
ਇਹ ਵੀ ਪੜ੍ਹੋ: ਸਕੂਲ ਦੀ 88 ਰੁਪਏ ਦੀ ਫੀਸ ਨਾ ਦੇਣ 'ਤੇ ਅਪਾਹਜ ਵਿਦਿਆਰਥੀ ਦਾ ਕੱਟਿਆ ਨਾਂਅ
ਉਨ੍ਹਾਂ ਨੇ ਕਿਹਾ ਕਿ ਤਨ਼ਖਾਹ ਨਾ ਮਿਲਣ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਗੋਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਤਨਖਾਹਾਂ ਦਿੱਤੀਆਂ ਜਾਣ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਆਉਣ ਵਾਲੇ ਦਿਨਾਂ 'ਚ ਸਰਕਾਰ ਨੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ।