ਲੁਧਿਆਣਾ: ਲੰਮੀ ਸਮੇਂ ਤੋਂ ਬਿਮਾਰ ਚੱਲ ਰਹੇ ਪੰਜਾਬੀ ਦੇ ਮਸ਼ਹੂਰ ਗਾਇਕ ਕੇ ਦੀਪ ਦਾ ਅੱਜ ਦੇਹਾਂਤ ਹੋ ਗਿਆ। ਕੇ ਦੀਪ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਜਗਤ 'ਚ ਸੋਗ ਦੀ ਲਹਿਰ ਹੈ। ਗੱਲਬਾਤ ਦੌਰਾਨ ਗਾਇਕ ਕੇ ਦੀਪ ਦੀ ਧੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਦੁਪਹਿਰ 3:30 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ ਅਤੇ ਭਲਕੇ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਕੇ ਦੀਪ ਦੇ ਦੇਹਾਂਤ 'ਤੇ ਪੰਜਾਬੀ ਦੇ ਨਾਮੀ ਗਾਇਕ ਅਤੇ ਸਾਂਸਦ ਮੁਹੰਮਦ ਸਦੀਕ ਅਤੇ ਮਨਪ੍ਰੀਤ ਇਆਲੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਉੱਥੇ ਹੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਨੂੰ ਲੋਕਾਂ ਵੱਲੋਂ ਪੂਰਾ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਕੇ ਦੀਪ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਨਵਾਜਿਆ ਜਾਵੇ ਅਤੇ ਇਸ ਲਈ ਉਨ੍ਹਾਂ ਦੀ ਧੀ ਕਈ ਵਾਰ ਸਰਕਾਰ ਨੂੰ ਇਸ ਸਬੰਧੀ ਸਿਫਾਰਿਸ਼ ਵੀ ਕਰ ਚੁੱਕੀ ਸੀ।
ਦੂਜੇ ਪਾਸੇ ਕੇ ਦੀਪ ਦੇ ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਕਿ ਕੇ ਦੀਪ ਦੇ ਜਾਣ ਨਾਲ ਪੰਜਾਬੀ ਇੰਡਸਟਰੀ ਅਤੇ ਗਾਇਕੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।