ਲੁਧਿਆਣਾ: ਵਾਰਡ ਨੰਬਰ-19 ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਪਏ ਹਨ। ਦਰਅਸਲ ਇਲਾਕੇ ਵਿੱਚ ਸੜਕਾਂ ਦਾ ਅਤੇ ਪਾਣੀ ਦੇ ਪ੍ਰਬੰਧ ਦਾ ਬੁਰਾ ਹਾਲ ਹੈ। ਸੜਕਾਂ ਟੁੱਟੀਆਂ ਹੋਈਆਂ ਹਨ, ਪਾਣੀ ਸੜਕਾਂ 'ਤੇ ਜਮ੍ਹਾਂ ਹੋਇਆ ਪਿਆ ਹੈ, ਕਿਸੇ ਵੀ ਘਰ 'ਚ ਸਾਫ਼ ਪੀਣ ਵਾਲਾ ਪਾਣੀ ਨਹੀਂ ਹੈ। ਇਸੇ ਦੌਰਾਨ ਲੋਕ ਆਪਣੀਆਂ ਮੁੱਢਲੀਆਂ ਸਹੂਲਤਾਂ ਨਾ ਮਿਲਣ ਤੋਂ ਪ੍ਰੇਸ਼ਾਨ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸੇ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਸੜਕਾਂ ਅਤੇ ਪਾਣੀ ਦਾ ਇਹ ਹਾਲ ਕਾਫ਼ੀ ਸਮੇਂ ਤੋਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੌਂਸਲਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਉਹ ਵੀ ਬਿਲਕੁਲ ਵੀ ਟਸ ਤੋਂ ਮਸ ਨਹੀਂ ਹੋਈ, ਜਿਸ ਤੋਂ ਬਾਅਦ ਲੋਕਾਂ ਨੇ ਮਜਬੂਰਨ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਟੁੱਟੀਆਂ ਸੜਕਾਂ 'ਚ ਕਈ ਵਾਰ ਬਜ਼ਰੂਗ ਤੇ ਬੱਚੇ ਡਿੱਗ ਪਏ ਹਨ।
ਇਸ ਦੇ ਨਾਲ ਹੀ ਜਦ ਕੌਂਸਲਰ ਦੇ ਪਤੀ ਨਿਧਾਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਇਲਾਕੇ ਦਾ ਕੰਮ ਰੋਕਿਆ ਗਿਆ ਸੀ ਪਰ ਹੁਣ ਛੇਤੀ ਹੀ ਇਹ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।