ਲੁਧਿਆਣਾ: ਜਿੱਥੇ ਇੱਕ ਪਾਸੇ ਪੰਜਾਬ ਵਿੱਚ ਕਰਫ਼ਿਊ ਕਾਰਨ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਲੋਕਾਂ ਤੱਕ ਲੰਗਰ ਪਹੁੰਚਾਉਣ ਦੀ ਗੱਲ ਕਹਿ ਰਹੇ ਹਨ। ਉੱਥੇ ਹੀ ਕੁੱਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਪੁਲਾਂ ਹੇਠ ਸੜਕਾਂ ਤੇ ਜਾਂ ਪਲੇਟਫ਼ਾਰਮ ਉੱਤੇ ਹੀ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਹਨ। ਅਜਿਹੇ ਲੋਕਾਂ ਦੀ ਲੁਧਿਆਣਾ ਵਿੱਚ ਵੱਡੀ ਤਾਦਾਦ ਹੈ ਅਤੇ ਕਰਫ਼ਿਊ ਕਾਰਨ ਹੁਣ ਉਹ ਪੁਲਿਸ ਤੋਂ ਡਰਦੇ ਵਿਖਾਈ ਦੇ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਅਜਿਹੇ ਲੋਕਾਂ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਕੋਈ ਪਰਿਵਾਰ ਦਾ ਮੈਂਬਰ। ਕਈ ਬਾਹਰਲੇ ਸੂਬਿਆਂ ਤੋਂ ਆ ਕੇ ਇੱਥੇ ਦਿਹਾੜੀਆਂ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ। ਅਜਿਹੇ ਲੋਕ ਜਿਹੜੇ ਸੜਕਾਂ ਅਤੇ ਪੁਲਾਂ ਹੇਠ ਰਹਿਣ ਨੂੰ ਮਜਬੂਰ ਸਨ ਅਤੇ ਜਿਹਨਾਂ ਕੋਲ ਘਰ ਨਹੀਂ ਹਨ, ਉਹ ਹੁਣ ਪੁਲਿਸ ਤੋਂ ਲੁੱਕ-ਛੁੱਪ ਕੇ ਰਹਿ ਰਹੇ ਹਨ।
ਕਈ ਅਜਿਹੇ ਵੀ ਪ੍ਰਵਾਸੀ ਮਜ਼ਦੂਰ ਹਨ, ਜੋ ਦੂਸਰਿਆਂ ਸੂਬਿਆਂ ਤੋਂ ਇਥੇ ਕੰਮ ਕਰਨ ਲਈ ਆਏ ਹਨ, ਪਰ ਸਥਿਤੀ ਅਜਿਹੀ ਬਣ ਗਈ ਹੈ ਕਿ ਉਹ ਵਾਪਸ ਆਪਣੇ ਘਰਾਂ ਨੂੰ ਵੀ ਨਹੀਂ ਜਾ ਸਕਦੇ ਅਤੇ ਕਈ ਲੋਕਾਂ ਨੂੰ ਤਾਂ ਮਕਾਨ ਮਾਲਕਾਂ ਵੱਲੋਂ ਵੀ ਕੱਢ ਦਿੱਤਾ ਗਿਆ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਜੇ ਕੋਈ ਸਮਾਜ ਸੇਵੀ ਉਨ੍ਹਾਂ ਨੂੰ ਖਾਣ ਲਈ ਲੰਗਰ ਦੇ ਜਾਂਦਾ ਹੈ ਤਾਂ ਉਹ ਖਾ ਲੈਂਦੇ ਹਨ, ਨਹੀਂ ਤਾਂ ਉਨ੍ਹਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਹੈ।
ਇਨ੍ਹਾਂ ਪੀੜਤ ਲੋਕਾਂ ਨੇ ਸਰਕਾਰ ਤੋਂ ਮੱਦਦ ਦੀ ਮੰਗ ਕੀਤੀ ਹੈ ਅਤੇ ਅਤੇ ਉਨ੍ਹਾਂ ਨੂੰ ਖਾਣ ਲਈ ਲੋੜੀਂਦਾ ਖਾਣਾ ਮੁਹੱਈਆ ਕਰਵਾਉਣ ਦੇ ਲਈ ਕਿਹਾ ਹੈ।