ਲੁਧਿਆਣਾ: ਕਿਸਾਨ ਅੰਦੋਲਨ ਕਰਕੇ ਜਿਥੇ ਦੇਸ਼ ਭਰ ਵਿੱਚ ਕੰਮਕਾਰ 'ਤੇ ਅਸਰ ਪੈ ਰਿਹਾ ਹੈ, ਉਥੇ ਹੀ ਦੇਸ਼ ਭਰ ਵਿੱਚ ਪਤੰਗਾਂ ਦੀਆਂ ਕੀਮਤਾਂ 'ਤੇ ਵੀ ਪਿਆ ਹੈ।ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਲੋਹੜੀ ਮੌਕੇ ਪਤੰਗਬਾਜ਼ੀ ਹੁੰਦੀ ਹੈ ਅਤੇ ਲੁਧਿਆਣਾ ਵਿੱਚ ਖਾਸ ਕਰਕੇ ਵੱਡੇ ਪੱਧਰ 'ਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ, ਪਰੰਤੂ ਪਤੰਗਾਂ ਦੀ ਵਿਕਰੀ ਭਾਵੇਂ ਵੱਧ ਰਹੀ ਹੈ ਪਰ ਇਸ ਵਾਰ ਨੌਜਵਾਨਾਂ ਵਿੱਚ ਪੰਜਾਬੀ ਗਾਇਕਾਂ ਦੀਆਂ ਪਤੰਗਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪਤੰਗਾਂ ਨੂੰ ਨੌਜਵਾਨ ਨਹੀਂ ਲੈ ਰਹੇ ਹਨ।
ਈਟੀਵੀ ਭਾਰਤ ਵੱਲੋਂ ਜਦੋਂ ਦੁਕਾਨਾਂ 'ਤੇ ਪਤੰਗ ਖਰੀਦ ਰਹੇ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਦੀ ਥਾਂ ਪੰਜਾਬੀ ਗਾਇਕ ਉਨ੍ਹਾਂ ਦੀ ਪਸੰਦ ਹਨ।
ਨੌਜਵਾਨ ਵਿੱਕੀ ਨੇ ਕਿਹਾ ਕਿ ਉਹ ਅੱਜ 250 ਪਤੰਗ ਖਰੀਦ ਰਿਹਾ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ, ਦਲਜੀਤ ਦੁਸਾਂਝ ਅਤੇ ਹੋਰਨਾਂ ਗਾਇਕਾਂ ਦੇ ਪਤੰਗ ਹਨ, ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਤੰਗ ਨਹੀਂ ਖਰੀਦ ਰਿਹਾ। ਉਸ ਨੇ ਕਿਹਾ ਕਿ ਖੇਤੀ ਅੰਦੋਲਨ ਕਰਕੇ ਕੋਈ ਪ੍ਰਧਾਨ ਮੰਤਰੀ ਦੀ ਤਸਵੀਰ ਵਾਲਾ ਪਤੰਗ ਨਹੀਂ ਖਰੀਦੇਗਾ।

ਪਤੰਗ ਵਿਕਰੇਤਾਵਾਂ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਕਾਰਨ ਵਧੀ ਮਹਿੰਗਾਈ ਕਾਰਨ ਕਾਗਜ਼ਾਂ ਅਤੇ ਕਾਨਿਆਂ ਦੀਆਂ ਕੀਮਤਾਂ ਵਧਣ ਕਾਰਨ ਪਿਛਲੇ ਸਾਲ ਨਾਲੋਂ ਪਤੰਗਾਂ ਦੀਆਂ ਕੀਮਤਾਂ ਵਿੱਚ 20 ਤੋਂ 25 ਫ਼ੀਸਦੀ ਤੱਕ ਉਛਾਲ ਆਇਆ ਹੈ।
ਲੋਕ ਇਸ ਵਾਰ ਜ਼ਿਆਦਾਤਰ ਪੰਜਾਬੀ ਗਾਇਕਾਂ ਦੀਆਂ ਪਤੰਗਾਂ ਵੱਲ ਖਿੱਚੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਉਹ ਖਰੀਦ ਵਧ ਚੜ੍ਹ ਕੇ ਕਰ ਰਹੇ ਹਨ। ਜਦਕਿ ਦੂਜੇ ਪਾਸੇ ਕਿਸਾਨ ਅੰਦੋਲਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤੰਗਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀਆਂ ਪਤੰਗਾਂ ਹਟਾਉਣੀਆਂ ਵੀ ਪਈਆਂ ਹਨ। ਭਾਵੇਂ ਕਿ ਪਿਛਲੇ ਸਾਲ ਚੋਣਾਂ ਕਰਕੇ ਮੋਦੀ ਦੀਆਂ ਪਤੰਗਾਂ ਕਾਫੀ ਵਿਕੀਆਂ, ਪਰ ਹੁਣ ਲੋਕ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਹਨ।
ਦੁਕਾਨਦਾਰਾਂ ਨੇ ਕਿਹਾ ਕਿ ਮਹਿੰਗਾਈ ਅਤੇ ਰਾਤ ਦੇ ਕਰਫਿਊ ਕਾਰਨ ਉਨ੍ਹਾਂ ਦੀ ਦੁਕਾਨਦਾਰੀ 'ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਰਾਤ ਨੂੰ 9 ਵਜੇ ਤੋਂ ਬਾਅਦ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦਾ ਸੀਜ਼ਨ ਦਾ ਕੰਮ ਹੈ ਅਤੇ ਜ਼ਿਆਦਾਤਰ ਹੋਲਸੇਲ ਦੀਆਂ ਦੁਕਾਨਾਂ ਹੋਣ ਕਰਕੇ ਆਮ ਦੁਕਾਨਦਾਰ ਉਨ੍ਹਾਂ ਕੋਲੋਂ ਰਾਤ ਨੂੰ ਆ ਕੇ ਹੀ ਸਾਮਾਨ ਲੈਂਦੇ ਹਨ।